Most blasphemy cases in Pakistan are false, Senate committee report reveals
ਪਾਕਿਸਤਾਨ ‘ਚ ਈਸ਼ਨਿੰਦਾ ਦੇ ਜ਼ਿਆਦਾਤਰ ਮਾਮਲੇ ਝੂਠੇ, ਸੈਨੇਟ ਕਮੇਟੀ ਦੀ ਰਿਪੋਰਟ ‘ਚ ਹੋਇਆ ਖੁਲਾਸਾ
ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਦੀ ਇੱਕ ਸੈਨੇਟ ਕਮੇਟੀ ਜੋ ਚਾਰ ਸੂਬਿਆਂ ਵਿੱਚ ਈਸ਼ਨਿੰਦਾ ਦੇ 333 ਮਾਮਲਿਆਂ ਦੀ ਜਾਂਚ ਕਰ ਰਹੀ ਸੀ। ਉਸ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਲਗਾਏ ਗਏ ਜ਼ਿਆਦਾਤਰ ਦੋਸ਼ ਝੂਠੇ ਸਨ। 8 ਜੁਲਾਈ ਨੂੰ ਸੂਬਾਈ ਗ੍ਰਹਿ ਸਕੱਤਰਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਮਨੁੱਖੀ ਅਧਿਕਾਰਾਂ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਿਆ ਕਿ ਇਹ ਬਣਾਵਟੀ ਮਾਮਲੇ ਅਕਸਰ ਪਾਕਿਸਤਾਨ ਵਿੱਚ ਈਸਾਈਆਂ ਜਾਂ ਹੋਰ ਧਾਰਮਿਕ ਘੱਟ ਗਿਣਤੀਆਂ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਦਰਜ ਕੀਤੇ ਜਾਂਦੇ ਹਨ। ਸੂਬਾਈ ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਨਿੱਜੀ ਰੰਜਿਸ਼ਾਂ, ਪਰਿਵਾਰਕ ਝਗੜੇ ਅਤੇ ਹੋਰ ਨਿੱਜੀ ਵਿਵਾਦ ਅਕਸਰ ਈਸ਼ਨਿੰਦਾ ਦੇ ਇਨ੍ਹਾਂ ਦੋਸ਼ਾਂ ਪਿੱਛੇ ਮੁੱਖ ਕਾਰਨ ਹੁੰਦੇ ਹਨ। ਰਿਪੋਰਟ ਮੁਤਾਬਕ ਪੰਜਾਬ ਸੂਬੇ ਵਿੱਚ ਇਸਲਾਮ ਦੇ ਪੈਗੰਬਰ ਦੇ ਅਪਮਾਨ (ਸੈਕਸ਼ਨ 295-ਸੀ) ਨਾਲ ਸਬੰਧਤ ਸਭ ਤੋਂ ਵੱਧ 116 ਮਾਮਲੇ ਦਰਜ ਕੀਤੇ ਗਏ। ਸਿੰਧ ਸੂਬੇ ਵਿੱਚ ਸੈਕਸ਼ਨ 295-ਸੀ ਤਹਿਤ 29 ਮਾਮਲੇ ਅਤੇ ਕੁਰਾਨ ਦੀ ਬੇਅਦਬੀ (ਸੈਕਸ਼ਨ 295-ਬੀ) ਤਹਿਤ 96 ਮਾਮਲੇ ਦਰਜ ਹੋਏ। ਇਸੇ ਤਰ੍ਹਾਂ ਖੈਬਰ ਪਖਤੂਨਖਵਾ ਵਿੱਚ 90 ਤੋਂ ਵੱਧ ਅਤੇ ਬਲੋਚਿਸਤਾਨ ਵਿੱਚ 28 ਮਾਮਲੇ ਸਾਹਮਣੇ ਆਏ ਹਨ। ਇਹ ਦੋਸ਼ ਨਾ ਸਿਰਫ਼ ਝੂਠੇ ਪਾਏ ਗਏ ਹਨ, ਸਗੋਂ ਇਨ੍ਹਾਂ ਕਾਰਨ ਅਕਸਰ ਭੀੜ ਦੁਆਰਾ ਹਿੰਸਾ, ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਹੱਤਿਆਵਾਂ ਅਤੇ ਮੁਕੱਦਮੇ ਤੋਂ ਪਹਿਲਾਂ ਲੰਬੇ ਸਮੇਂ ਤੱਕ ਹਿਰਾਸਤ ਵਰਗੀਆਂ ਗੰਭੀਰ ਸਥਿਤੀਆਂ ਪੈਦਾ ਹੁੰਦੀਆਂ ਹਨ। ਓਪਨ ਡੋਰਜ਼ ਦੀ 2026 ਦੀ ‘ਵਰਲਡ ਵਾਚ ਲਿਸਟ’ ਅਨੁਸਾਰ ਈਸਾਈਆਂ ਲਈ ਰਹਿਣ ਦੇ ਲਿਹਾਜ਼ ਨਾਲ ਪਾਕਿਸਤਾਨ ਦੁਨੀਆ ਦਾ ਅੱਠਵਾਂ ਸਭ ਤੋਂ ਮੁਸ਼ਕਲ ਦੇਸ਼ ਹੈ।

