Pakistan preparing to charge mediation ‘fee’! May demand $10 billion from US
ਵਿਚੋਲਗੀ ਦੀ ‘ਫ਼ੀਸ’ ਵਸੂਲਣ ਦੀ ਤਿਆਰੀ ‘ਚ ਪਾਕਿਸਤਾਨ ! ਅਮਰੀਕਾ ਤੋਂ ਮੰਗ ਸਕਦੈ 10 ਅਰਬ ਡਾਲਰ
Islamabad, (ਆਵਾਜ਼ਿ ਕੌਮ ਬਿਊਰੋ)-ਗੰਭੀਰ ਆਰਥਿਕ ਸੰਕਟ ਅਤੇ ਦੀਵਾਲੀਆਪਨ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਇਕ ਵਾਰ ਫਿਰ ਵਿਸ਼ਵ ਭਾਈਚਾਰੇ ਨੂੰ ਵਿੱਤੀ ਸਹਾਇਤਾ ਲਈ ਅਪੀਲ ਕਰ ਰਿਹਾ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਵਜੋਂ ਆਪਣੀ ਭੂਮਿਕਾ ਦੇ ਵਿਚਕਾਰ, ਪਾਕਿਸਤਾਨ ਹੁਣ ਅਮਰੀਕੀ ਵਿੱਤ ਮੰਤਰਾਲਾ ਤੋਂ 10 ਅਰਬ ਡਾਲਰ (ਲਗਭਗ 83,000 ਕਰੋੜ ਰੁਪਏ) ਦੀ ਐਕਸਚੇਂਜ ਸਟੈਬਲਾਈਜ਼ੇਸ਼ਨ ਫੈਸਿਲਿਟੀ (ਐਮਰਜੈਂਸੀ ਵਿਦੇਸ਼ੀ ਮੁਦਰਾ ਸਹਾਇਤਾ) ਮੰਗਣ ਦੀ ਤਿਆਰੀ ‘ਚ ਹੈ। ਜੇਕਰ ਅਮਰੀਕਾ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਪਾਕਿਸਤਾਨ ਦੀ ਕਮਜ਼ੋਰ ਹੋ ਰਹੀ ਅਰਥਵਿਵਸਥਾ ਨੂੰ ਮਹੱਤਵਪੂਰਨ ਰਾਹਤ ਮਿਲ ਸਕਦੀ ਹੈ। ਸੂਤਰਾਂ ਅਨੁਸਾਰ, ਇਸ ਸਬੰਧ ‘ਚ ਪਾਕਿਸਤਾਨ ਨੇ ਅਮਰੀਕੀ ਵਿੱਤ ਮੰਤਰੀ ਸਕੱਤਰ ਸਕਾਟ ਬੇਸੈਂਟ ਦੇ ਸਾਹਮਣੇ ਰਸਮੀ ਤੌਰ ‘ਤੇ ਆਪਣੀ ਮੰਗ ਰੱਖੀ ਹੈ। ਪਾਕਿਸਤਾਨ ਚਾਹੁੰਦਾ ਹੈ ਕਿ ਇਹ ਵਿੱਤੀ ਸਹੂਲਤ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨ, ਪਾਕਿਸਤਾਨੀ ਰੁਪਏ ‘ਤੇ ਦਬਾਅ ਘੱਟ ਕਰਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਪੰਜ ਸਾਲਾਂ ਲਈ ਪ੍ਰਦਾਨ ਕੀਤੀ ਜਾਵੇ। ਮੌਜੂਦਾ ਸਮੇਂ ਪਾਕਿਸਤਾਨ 7 ਬਿਲੀਅਨ ਡਾਲਰ ਦੇ IMF ਪ੍ਰੋਗਰਾਮ ਦੇ ਤਹਿਤ ਸਖ਼ਤ ਆਰਥਿਕ ਸੁਧਾਰ ਲਾਗੂ ਕਰ ਰਿਹਾ ਹੈ। ਇਸ ਦੇ ਅਧੀਨ ਟੈਕਸ ਵਧਾਏ ਗਏ ਹਨ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਹਾਲ ਹੀ ‘ਚ ਵਾਸ਼ਿੰਗਟਨ ‘ਚ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨਾਲ ਮੁਲਾਕਾਤ ਕੀਤੀ ਅਤੇ ਅਮਰੀਕੀ ਵਿੱਤ ਮੰਤਰਾਲਾ ਨੂੰ ਦੁਵੱਲੀ ਐਕਸਚੇਂਜ ਸਟੈਬਲਾਈਜ਼ੇਸ਼ਨ ਫੈਸਿਲਿਟੀ ਉਪਲੱਬਧ ਕਰਵਾਉਣ ਦੀ ਮੰਗ ਕੀਤੀ। ਪਾਕਿਸਤਾਨ ਦਾ ਮੰਨਣਾ ਹੈ ਕਿ ਇਸ ਨਾਲ ਉਸ ਨੂੰ ਅੰਤਰਰਾਸ਼ਟਰੀ ਪੂੰਜੀ ਬਾਜ਼ਾਰਾਂ ‘ਚ ਵਿਸ਼ਵਾਸ ਮਿਲੇਗਾ ਅਤੇ ਕਰਜ਼ੇ ਦੇ ਦਬਾਅ ਤੋਂ ਕੁਝ ਰਾਹਤ ਮਿਲ ਸਕੇਗੀ। ਪਾਕਿਸਤਾਨ ਦੀ ਅਰਥਵਿਵਸਥਾ ਲੰਬੇ ਸਮੇਂ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ।

