Rai Akram Bhatti, the 19th generation descendant of ‘Bilal Bhatti’, was honored by the Sikhs of America
’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼ ਅਮੈਰਿਕਾ ਨੇ ਕੀਤਾ ਸਨਮਾਨਿਤ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰਲੀ ਇਲਾਹੀ ਜੋਤ ਨੂੰ ਪਛਾਨਣ ਵਾਲੇ ਨਨਕਾਣਾ ਸਾਹਿਬ ਪਾਕਿਸਤਾਨ ‘ਚ ਵਸਦੀ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਬਿਲਾਲ ਅਕਰਮ ਭੱਟੀ ਇਨੀਂ ਦਿਨੀਂ ਆਪਣੇ ਅਮਰੀਕਾ ਦੌਰੇ ’ਤੇ ਹਨ। ਉਹਨਾਂ ਦੇ ਸਨਮਾਨ ’ਚ ਸਿੱਖਸ ਆਫ ਅਮੈਰਿਕਾ ਵਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਮੈਰੀਲੈਂਡ ਵਿਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ’ਚ ਉਹਨਾਂ ਸਿੱਖ ਆਫ਼ ਅਮੈਰਿਕਾ ਦੇ ਕਮਿਊਨਿਟੀ ਅਵਾਰਡ ਦੇ ਨਾਲ ਉਹਨਾਂ ਨੂੰ ਸਾਈਟੇਸ਼ਨ ਐਵਾਰਡ ਵੀ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਸਿੱਖਸ ਆਫ਼ਿਸ ਅਮੈਰਿਕਾ ਚੇਅਰਮੈਨ ਜਸਦੀਪ ਸਿੰਘ ਜੱਸੀ’ ਨੇ ਕਿਹਾ ਕਿ ਭੱਟੀ ਪਰਿਵਾਰ ਦਾ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਸਤਿਕਾਰ ਕਰਦੀ ਰਹੇਗੀ। ਜਿੱਥੇ ਰਾਏ ਬੁਲਾਰ ਭੱਟੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਇਲਾਹੀ ਜੋਤ ਨੂੰ ਪਛਾਣਿਆ, ਉੱਥੇ ਉਹਨਾਂ 18 ਹਜ਼ਾਰ 750 ਏਕੜ ਜ਼ਮੀਨ ਵੀ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤੀ ਸੀ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਬੋਲਦੀ ਹੈ। ਉਹਨਾਂ ਦੱਸਿਆ ਕਿ ਰਾਏ ਬਿਲਾਲ ਅਕਰਮ ਭੱਟੀ ਦੇ ਉਹ ਧੰਨਵਾਦੀ ਵੀ ਹਨ ਕਿ ਜਦੋਂ ਵੀ ਉਹ ਪਕਿਸਤਾਨ ਜਾਂਦੇ ਹਨ ਤਾਂ ਉਹ ਹਮੇਸ਼ਾ ਸਿੱਖਾਂ ਦਾ ਸਹਿਯੋਗ ਕਰਦੇ ਹਨ ਅਤੇ ਇਹ ਹੀ ਨਹੀਂ ਉਹ ਹੋਰ ਸੰਗਤਾਂ ਦਾ ਵੀ ਪਾਕਿਸਤਾਨ ਪੁੱਜਣ ’ਤੇ ਉਹ ਸਵਾਗਤ ਕਰਦੇ ਹਨ। ਇਸ ਮੌਕੇ ਆਪਣੇ ਸੰਬੋਧਨ ਵਿਚ ਰਾਏ ਬਿਲਾਲ ਅਕਰਮ ਭੱਟੀ ਨੇ ਆਪਣੇ ਪੁਰਖਾਂ ਕੋਲੋ ਸੁਣੀਆਂ ਅਤੇ ਬਾਬੇ ਨਾਨਕ ਦੀਆਂ ਕੁਦਰਤੀ ਕਰਾਮਾਤ ਦੀਆਂ ਸਾਖੀਆਂ ਵੀ ਸੁਣਾਈਆਂ ਅਤੇ ਕਿਹਾ ਕਿ ਸਿੱਖਾਂ ਦੇ ਨਾਲ ਸਾਡੇ ਪੁਰਖਾਂ ਦੀ 550 ਸਾਲ ਦੀ ਪੁਰਾਣੀ ਸਾਂਝ ਸੀ ਜੋ ਸਾਡੀ ਪੀੜ੍ਹੀ ਨਾਲ ਬਰਕਰਾਰ ਚੱਲਦੀ ਆ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸਿੱਖਸ ਆਫ ਅਮੈਰਿਕਾ ਨੇ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਹੈ ਅਤੇ ਉਹਨਾਂ ਸਾਰੇ ਹੀ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ। ਉਹਨਾਂ ਇਸ ਮੌਕੇ ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ, ਜੋ ਸਿੱਖ ਅਤੇ ਮੁਸਲਮਾਨ ਭਾਈਚਾਰੇ ’ਚ ਸਾਂਝ ਵਧਾਉਣ ਲਈ ਅਮਰੀਕਾ ਵਿਚ ਇਕ ਕੜੀ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਸਿੱਖਸ ਆਫ਼ ਅਮੈਰਿਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਵਰਿੰਦਰ ਸਿੰਘ, ਪਾਲ ਧਨੋਆ, ਚੱਤਰ ਸਿੰਘ ਸੈਣੀ, ਕੁਲਵਿੰਦਰ ਸਿੰਘ ਫਲੋਰਾ ਵੀ ਸ਼ਾਮਲ ਸਨ।

