A terrible fire broke out in Gurdwara Dashmesh Darbar Sahib! The hearts of the Sikh devotees were broken
ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ‘ਚ ਲੱਗੀ ਭਿਆਨਕ ਅੱਗ ! ਸਿੱਖ ਸੰਗਤਾਂ ਦੇ ਵਲੂੰਧਰੇ ਗਏ ਹਿਰਦੇ
ਬ੍ਰਿਸਬੇਨ/ ਮੈਲਬੌਰਨ (ਆਵਾਜ਼ਿ ਕੌਮ ਬਿਊਰੋ)-ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਉੱਤਰੀ ਇਲਾਕੇ ਵਰਜੀਨੀਆ ਵਿਖੇ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਘਟਨਾ ਨਾਲ ਆਸਟ੍ਰੇਲੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾ ਵਿੱਚ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਧਮਾਕੇ ਹੋਏ, ਵੱਡੀਆਂ ਲਪਟਾਂ ਉੱਠੀਆਂ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਐਤਵਾਰ ਰਾਤ ਕਰੀਬ 10 ਵਜੇ ਅੱਗ ਲੱਗਣ ਤੋਂ ਬਾਅਦ ਲਗਭਗ 60 ਫਾਇਰਫਾਈਟਰਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਘੰਟਿਆਂ ਤੱਕ ਜ਼ੋਰਦਾਰ ਚਾਰਾਜੋਈ ਕੀਤੀ। ਪ੍ਰਬੰਧਕਾਂ ਨੇ ਬਹੁਤ ਹੀ ਦੁੱਖ ਭਰੇ ਹਿਰਦੇ ਨਾਲ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਇਸ ਭਿਆਨਕ ਅੱਗ ਦੀ ਭੇਟ ਚੜ੍ਹ ਗਏ ਹਨ। ਇਹ ਗੁਰਦੁਆਰਾ ਸਾਹਿਬ ਆਪਣੀਆਂ ਸੇਵਾਵਾਂ ਲਈ ਅਣਮਿੱਥੇ ਸਮੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਗੁਰੂਘਰ ਵਿਖੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾ ਨਤਮਸਤਕ ਹੁੰਦੀਆ ਸਨ। ਫਾਇਰ ਬ੍ਰਿਗੇਡ ਅਧਿਕਾਰੀਆ ਵੱਲੋਂ ਵਰਜੀਨੀਆ ਟਾਊਨਸ਼ਿਪ, ਓਲਡ ਪੋਰਟ ਵੇਕਫੀਲਡ ਰੋਡ, ਸ਼ੀਡੀ ਰੋਡ, ਪੋਰਟ ਵੇਕਫੀਲਡ ਹਾਈਵੇ, ਜੂਨੀਪਰ ਬੁਲੇਵਾਰਡ ਅਤੇ ਪੈਨਫੀਲਡ ਰੋਡ ਦੇ ਇਲਾਕਿਆਂ ਲਈ ਧੂੰਏਂ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।ਅੱਗ ‘ਤੇ ਕਾਬੂ ਪਾਉਣ ਵਿੱਚ ਕਈ ਘੰਟੇ ਲੱਗੇ, ਪਰ ਫਾਇਰਫਾਈਟਰਾਂ ਨੇ ਅੱਗ ਨੂੰ ਨੇੜਲੇ ਮਕਾਨਾਂ ਅਤੇ ਜਾਇਦਾਦਾਂ ਤੱਕ ਫੈਲਣ ਤੋਂ ਰੋਕ ਲਿਆ। ਪੁਲਿਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮੰਦਭਾਗੀ ਘਟਨਾ ’ਤੇ ਆਸਟ੍ਰੇਲੀਆ ਭਰ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤ ਨਾਲ ਹਮਦਰਦੀ ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਆਸਟ੍ਰੇਲੀਆ ਵੱਸਦੀਆ ਸੰਗਤਾ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੜ ਨਿਰਮਾਣ ਲਈ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ ਗਿਆ।

