Bhupesh Baghel returning to Punjab amid Congress turmoil
ਕਾਂਗਰਸ ਦੇ ਕਲੇਸ਼ ਵਿਚਾਲੇ ਮੁੜ ਪੰਜਾਬ ਆ ਰਹੇ ਭੂਪੇਸ਼ ਬਘੇਲ
ਫਤਿਹਗੜ੍ਹ ਸਾਹਿਬ/ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਜਨਰਲ ਸਕੱਤਰ ਭੂਪੇਸ਼ ਬਘੇਲ 31 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਸੰਗਠਨਾਤਮਕ ਦੌਰਾ ਕਰਨਗੇ। ਇਸ ਦੌਰੇ ਦੀ ਸ਼ੁਰੂਆਤ 31 ਜੁਲਾਈ ਨੂੰ ਫਤਿਹਗੜ੍ਹ ਸਾਹਿਬ ਤੋਂ ਹੋਵੇਗੀ। ਦੌਰੇ ਦਾ ਮਕਸਦ ਪਾਰਟੀ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ, ਆਗੂਆਂ ਅਤੇ ਵਰਕਰਾਂ ਨਾਲ ਸਿੱਧਾ ਸੰਵਾਦ ਕਰਨਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨਾ ਹੈ। ਨਾਗਰਾ ਨੇ ਦੱਸਿਆ ਕਿ 31 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਫਤਿਹਗੜ੍ਹ ਸਾਹਿਬ ਵਿਖੇ ਸੰਗਠਨਾਤਮਕ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਦੁਪਹਿਰ 12:30 ਵਜੇ ਮੀਡੀਆ ਨਾਲ ਗੱਲਬਾਤ, 1:30 ਵਜੇ ਦੁਪਹਿਰ ਦੇ ਭੋਜਨ ਅਤੇ ਦੁਪਹਿਰ 3 ਤੋਂ 5 ਵਜੇ ਤੱਕ ਮੋਹਾਲੀ ਵਿਖੇ ਮੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਕ ਅਗਸਤ ਨੂੰ ਪਟਿਆਲਾ ਅਤੇ ਸੰਗਰੂਰ, 2 ਅਗਸਤ ਨੂੰ ਬਰਨਾਲਾ ਅਤੇ ਮਾਨਸਾ, 3 ਅਗਸਤ ਨੂੰ ਬਠਿੰਡਾ ਅਤੇ ਮੁਕਤਸਰ, 4 ਅਗਸਤ ਨੂੰ ਫਾਜ਼ਿਲਕਾ ਅਤੇ ਫਿਰੋਜ਼ਪੁਰ, 5 ਅਗਸਤ ਨੂੰ ਮੋਗਾ ਅਤੇ ਫਰੀਦਕੋਟ, 6 ਅਗਸਤ ਨੂੰ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ, 7 ਅਗਸਤ ਨੂੰ ਮਾਲੇਰਕੋਟਲਾ ਅਤੇ ਖੰਨਾ ਅਤੇ 8 ਅਗਸਤ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਰੂਪਨਗਰ ‘ਚ ਸੰਗਠਨਾਤਮਕ ਮੀਟਿੰਗਾਂ ਕੀਤੀਆਂ ਜਾਣਗੀਆਂ। ਹਰ ਜ਼ਿਲ੍ਹੇ ‘ਚ ਮੀਡੀਆ ਨਾਲ ਗੱਲਬਾਤ ਅਤੇ ਸਥਾਨਕ ਆਗੂਆਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ। ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ, ਬਲਾਕ ਕਾਂਗਰਸ ਕਮੇਟੀਆਂ, ਹਲਕਾ ਇੰਚਾਰਜਾਂ, 2022 ਦੇ ਵਿਧਾਨ ਸਭਾ ਉਮੀਦਵਾਰਾਂ, ਫਰੰਟਲ ਸੰਗਠਨਾਂ ਦੇ ਨੁਮਾਇੰਦਿਆਂ, ਏ. ਆਈ. ਸੀ. ਸੀ. ਅਤੇ ਪੀ. ਪੀ. ਸੀ. ਸੀ. ਮੈਂਬਰਾਂ ਸਮੇਤ ਸਾਰੇ ਸੱਦੇ ਗਏ ਆਗੂਆਂ ਨੂੰ ਮੀਟਿੰਗਾਂ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਸਮੂਹ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਨੂੰ ਸਮੇਂ ਸਿਰ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ‘ਚ ਵੱਧ ਤੋਂ ਵੱਧ ਗਿਣਤੀ ‘ਚ ਸ਼ਾਮਲ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ‘ਚ ਆਪਣਾ ਯੋਗਦਾਨ ਪਾਉਣ।

