‘Raja-Baghel Hatao Save Congress’ posters in Raja Warring’s home district
ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ‘ਚ ‘ਰਾਜਾ- ਬਘੇਲ ਹਟਾਓ ਕਾਂਗਰਸ ਬਚਾਓ’ ਦੇ ਪੋਸਟਰ
ਚੰਡੀਗੜ੍ਹ, (ਆਵਾਜ਼ਿ ਕੌਮ ਬਿਊਰੋ)-ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਸ੍ਰੀ ਮੁਕਤਸਰ ਸਾਹਿਬ ਦੌਰੇ ਤੋਂ ਪਹਿਲਾਂ ਸ਼ਹਿਰ ਵਿੱਚ ਉਨ੍ਹਾਂ ਦੇ ਵਿਰੋਧ ਵਿੱਚ ‘ਭੂਪੇਸ਼ ਬਘੇਲ ਗੋ ਬੈਕ’ ਦੇ ਪੋਸਟਰ ਲੱਗੇ ਨਜ਼ਰ ਆਏ ਹਨ। ਸ੍ਰੀ ਮੁਕਤਸਰ ਸਾਹਿਬ ਰਾਜਾ ਵੜਿੰਗ ਦਾ ਗ੍ਰਹਿ ਜ਼ਿਲ੍ਹਾ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਵੀ ਕਈ ਜਗਾ ਪੋਸਟਰ ਲਗਾਏ ਗਏ। ਜਿੰਨਾਂ ‘ਤੇ “ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਸਰਕਾਰ” ਲਿਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਭੂਪੇਸ਼ ਬਘੇਲ ਸੋਮਵਾਰ ਨੂੰ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਬੈਠਕ ਕਰਨ ਲਈ ਮੁਕਤਸਰ ਆਉਣ ਵਾਲੇ ਸਨ। ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਦੇਰ ਰਾਤ ਅਤੇ ਸੋਮਵਾਰ ਸਵੇਰੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਵਿਰੋਧ ਵਜੋਂ ਇਹ ਫਲੇਕਸ ਲਗਾਏ ਗਏ। ਸੂਚਨਾ ਮਿਲਣ ਤੋਂ ਬਾਅਦ ਜ਼ਿਆਦਾਤਰ ਫਲੇਕਸ ਹਟਾ ਦਿੱਤੇ ਗਏ, ਹਾਲਾਂਕਿ ਕੁਝ ਥਾਵਾਂ ‘ਤੇ ਅਜੇ ਵੀ ਇਹ ਲੱਗੇ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ ਭੂਪੇਸ਼ ਬਘੇਲ ਦਾ ਸੋਮਵਾਰ ਦਾ ਦੌਰਾ ਵੀ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਸਿਆਸੀ ਗਲਿਆਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।

