Pro-Khalistan slogans on Delhi Metro before August 15, security agencies on alert
15 ਅਗਸਤ ਤੋਂ ਪਹਿਲਾਂ ਦਿੱਲੀ ਮੈਟਰੋ ’ਤੇ ਖਾਲਿਸਤਾਨ ਪੱਖੀ ਨਾਅਰੇ, ਸੁਰੱਖਿਆ ਏਜੰਸੀਆਂ ਚੌਕਸ
ਲੰਡਨ/ਨਵੀਂ ਦਿੱਲੀ (ਸਰਬਜੀਤ ਸਿੰਘ ਬਨੂੜ)- ਭਾਰਤ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫ਼ਾਰ ਜਸਟਿਸ (SFJ) ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਕੁਝ ਮੈਟਰੋ ਸਟੇਸ਼ਨਾਂ ’ਤੇ ਲਿਖੇ ਗਏ ਖਾਲਿਸਤਾਨ ਪੱਖੀ ਨਾਅਰੇ ਉਸ ਦੀ ਮੁਹਿੰਮ ਦਾ ਹਿੱਸਾ ਹਨ। ਇਸ ਦੇ ਨਾਲ ਹੀ ਜਥੇਬੰਦੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਣ ਵਾਲੇ ਨੂੰ ਤਕਰੀਬਨ ਇੱਕ ਕਰੋੜ ਇਨਾਮੀ ਐਲਾਨ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਘਟਨਾਕ੍ਰਮ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਧਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਅਨੁਸਾਰ ਐਮ. ਜੀ. ਰੋਡ, ਸਿਕੰਦਰਪੁਰ, ਟਿਕਰੀ ਬਾਰਡਰ ਅਤੇ ਸ਼ਾਦੀਪੁਰ ਸਮੇਤ ਕੁਝ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ। ਬਾਅਦ ਵਿੱਚ SFJ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਇਹ ਕਾਰਵਾਈ ਉਸ ਦੀ ਮੁਹਿੰਮ ਦਾ ਹਿੱਸਾ ਸੀ। SFJ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਦੇ ਰਾਜਦੂਤਾਂ ਦਾ ਧਿਆਨ ਸਿੱਖਾਂ ਨਾਲ ਜੁੜੇ ਉਨ੍ਹਾਂ ਦੇ ਦਾਅਵਿਆਂ ਅਤੇ ਰਾਜਨੀਤਿਕ ਮੰਗਾਂ ਵੱਲ ਖਿੱਚਣਾ ਹੈ। ਜਥੇਬੰਦੀ ਨੇ ਅਮਰੀਕਾ ਨੂੰ ਪੰਜਾਬ ਵਿੱਚ ਸ਼ਾਂਤਮਈ ਅਤੇ ਲੋਕਤੰਤਰਿਕ ਰੈਫਰੈਂਡਮ ਦੀ ਵਕਾਲਤ ਕਰਨ ਦੀ ਅਪੀਲ ਵੀ ਕੀਤੀ ਹੈ। SFJ ਨੇ ਇਹ ਵੀ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਸਵੈ-ਨਿਰਣੇ ਦੇ ਸਿਧਾਂਤ ਦਾ ਹਵਾਲਾ ਦਿੰਦਿਆਂ 16 ਅਗਸਤ ਨੂੰ ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਅਗਲੇ ਪੜਾਅ ਦੀ ਵੋਟਿੰਗ ਕਰਵਾਉਣ ਦੀ ਆਪਣੀ ਯੋਜਨਾ ’ਤੇ ਕਾਇਮ ਹੈ। ਜ਼ਿਕਰਯੋਗ ਹੈ ਕਿ ਮੈਟਰੋ ਸਟੇਸ਼ਨਾਂ ’ਤੇ ਲਿਖੇ ਗਏ ਕੁਝ ਨਾਅਰਿਆਂ ਵਿੱਚ ਲਾਲ ਕਿਲ੍ਹੇ, ਪ੍ਰਧਾਨ ਮੰਤਰੀ ਅਤੇ ਖਾਲਿਸਤਾਨ ਨਾਲ ਸੰਬੰਧਿਤ ਸੰਦੇਸ਼ ਵੀ ਸ਼ਾਮਲ ਸਨ। ਮਾਮਲੇ ਦੀ ਜਾਂਚ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਬੰਧਤ ਏਜੰਸੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

