Bankipur by-election: Prashant Kishor gives a crushing defeat to BJP
ਬਾਂਕੀਪੁਰ ਉਪ-ਚੋਣ: ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਦਿੱਤੀ ਕਰਾਰੀ ਹਾਰ
ਬਿਹਾਰ, 3 ਅਗਸਤ (ਆਵਾਜ਼ਿ ਕੌਮ ਬਿਊਰੋ)-ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਬਾਂਕੀਪੁਰ ਵਿੱਚ ਨਿਤਿਨ ਨਬੀਨ ਦੀ ਸੀਟ ‘ਤੇ ਪ੍ਰਸ਼ਾਂਤ ਕਿਸ਼ੋਰ ਜਿੱਤ ਗਏ ਹਨ। ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 18,953 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਕੁੱਲ 63,203 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,250 ਵੋਟਾਂ ਮਿਲੀਆਂ ਹਨ। ਬਾਂਕੀਪੁਰ ਸੀਟ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਪਰੰਪਰਾਗਤ ਸੀਟ ਹੈ। ਉਹ ਇੱਥੋਂ ਲਗਾਤਾਰ 5 ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਦੇ ਰਾਜ ਸਭਾ ਜਾਣ ਤੋਂ ਬਾਅਦ ਇਸ ਸੀਟ ‘ਤੇ ਉਪ-ਚੋਣ ਕਰਵਾਈ ਗਈ ਹੈ।ਭਾਜਪਾ ਦੇ ਉਮੀਦਵਾਰ ਨੀਰਜ ਕੁਮਾਰ ਸਿਨਹਾ ਅਤੇ ਰਜਦ (RJD) ਦੀ ਉਮੀਦਵਾਰ ਰੇਖਾ ਕੁਮਾਰੀ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ ਹਨ। ਚੋਣ ਨਤੀਜਿਆਂ ਵਿੱਚ ਵੱਡੀ ਜਿੱਤ ‘ਤੇ ਪ੍ਰਸ਼ਾਂਤ ਕਿਸ਼ੋਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ‘ਤੇ ਨਿਸ਼ਾਨਾ ਸਾਧਿਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਸੀਐੱਮ ਸਮਰਾਟ ਚੌਧਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ. “ਸੀਐੱਮ ਸਮਰਾਟ ਚੌਧਰੀ ਨਾਲ ਮੇਰੀ ਨਿੱਜੀ ਲੜਾਈ ਨਹੀਂ ਹੈ। ਮੁੱਖ ਮੰਤਰੀ ਦਾ ਕਿਰਦਾਰ ਪਬਲਿਕ ਡੋਮੇਨ ਵਿੱਚ ਹੈ। ਕਿਸੇ ਕਾਬਲ ਇਨਸਾਨ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਓ ਤਾਂ ਜੋ ਬਿਹਾਰ ਦਾ ਵਿਕਾਸ ਹੋ ਸਕੇ। ਇਹ ਬਾਂਕੀਪੁਰ ਦੀ ਜਨਤਾ ਦੀ ਜਿੱਤ ਹੈ। ਇਬਿਹਾਰ ਦੀ ਜਨਤਾ ਨੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਹੈ। ਬਿਹਾਰ ਦੀ ਜਨਤਾ ਚਾਹੁੰਦੀ ਹੈ ਕਿ ਕੋਈ ਚੰਗਾ ਵਿਅਕਤੀ ਸੀਐੱਮ ਬਣੇ। ਪ੍ਰਸ਼ਾਂਤ ਕਿਸ਼ੋਰ ਨੇ ਅੱਗੇ ਕਿਹਾ “ਬਿਹਾਰ ਦੀ ਜਨਤਾ ਚਾਹੁੰਦੀ ਹੈ ਕਿ ਬਿਹਾਰ ਵਿੱਚ ਸਿੱਖਿਆ ਹੋਵੇ, ਰੁਜ਼ਗਾਰ ਹੋਵੇ, ਲੋਕਾਂ ਨੂੰ ਪਲਾਇਨ ਨਾ ਕਰਨਾ ਪਵੇ। ਸੀਐੱਮ ਸਮਰਾਟ ਚੌਧਰੀ ਦੀ ਲੀਡਰਸ਼ਿਪ ਨੂੰ ਬਿਹਾਰ ਦੀ ਜਨਤਾ ਪ੍ਰਵਾਨ ਨਹੀਂ ਕਰਦੀ। 30 ਸਾਲ ਦੇ ਕਿਲ੍ਹੇ ਨੂੰ ਢਹਿਣ ਵਿੱਚ 30 ਦਿਨ ਵੀ ਨਹੀਂ ਲੱਗੇ। ਬੀਜੇਪੀ ਨੇ ਗਲਤ ਵਿਅਕਤੀ ਨੂੰ ਬਿਹਾਰ ਦੀ ਅਗਵਾਈ ਦਿੱਤੀ ਹੈ।”

