Russian glide bomb blast: 8 powerful explosions in 90 minutes, causing uproar in Zaporizhia
ਰੂਸੀ ਗਲਾਈਡ ਬੰਬਾਂ ਦਾ ਤਾਂਡਵ: 90 ਮਿੰਟਾਂ ‘ਚ 8 ਸ਼ਕਤੀਸ਼ਾਲੀ ਧਮਾਕੇ, ਜ਼ਾਪੋਰੀਜ਼ੀਆ ‘ਚ ਮਚੀ ਹਾਹਾਕਾਰ
ਕੀਵ (ਆਵਾਜ਼ਿ ਕੌਮ ਬਿਊਰੋ)-ਰੂਸੀ ਜਹਾਜ਼ਾਂ ਨੇ ਦੱਖਣੀ ਯੂਕ੍ਰੇਨੀ ਸ਼ਹਿਰ ਜ਼ਾਪੋਰੀਜ਼ੀਆ ਦੇ ਰਿਹਾਇਸ਼ੀ ਇਲਾਕਿਆਂ ਵਿਚ 90 ਮਿੰਟਾਂ ਦੇ ਅੰਦਰ 8 ਸ਼ਕਤੀਸ਼ਾਲੀ ਗਲਾਈਡ ਬੰਬ ਸੁੱਟੇ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਖੇਤਰੀ ਮੁਖੀ ਇਵਾਨ ਫੇਦੋਰੋਵ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਨੇ 4 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਆਪਣੇ ਗੁਆਂਢੀ ਦੇਸ਼ ’ਤੇ ਹਮਲਾ ਕਰਨ ਤੋਂ ਬਾਅਦ ਯੂਕ੍ਰੇਨੀ ਕਸਬਿਆਂ ਅਤੇ ਸ਼ਹਿਰਾਂ ਨੂੰ ਤਬਾਹ ਕਰਨ ਲਈ ਗਲਾਈਡ ਬੰਬਾਂ ਦੀ ਵਰਤੋਂ ਕੀਤੀ ਹੈ। ਇਹ ਹਥਿਆਰ ਸੋਵੀਅਤ ਦੌਰ ਦੇ ਬੰਬ ਹਨ, ਜਿਨ੍ਹਾਂ ਵਿਚ ਗਾਈਡੈਂਸ ਸਿਸਟਮ ਲਗਾਏ ਗਏ ਹਨ ਅਤੇ ਇਹ 3,000 ਕਿਲੋਗ੍ਰਾਮ ਤੱਕ ਵਿਸਫੋਟਕ ਲੈ ਕੇ ਜਾ ਸਕਦੇ ਹਨ। ਇਹ ਗਾਈਡਿਡ ਮਿਜ਼ਾਈਲ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਹਵਾ ਵਿਚ ਹੀ ਫਟ ਕੇ ਵੱਡੀ ਗਿਣਤੀ ਵਿਚ ਛੋਟੇ ਬੰਬਾਂ ਨੂੰ ਬਿਖੇਰ ਦਿੰਦਾ ਹੈ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ। ਯੂਕ੍ਰੇਨ ਕੋਲ ਇਸ ਦਾ ਸਾਹਮਣਾ ਕਰਨ ਦਾ ਕੋਈ ਅਸਰਦਾਰ ਤਰੀਕਾ ਨਹੀਂ ਹੈ। ਯੂਕ੍ਰੇਨੀ ਹਵਾਈ ਫੌਜ ਅਨੁਸਾਰ ਰੂਸ ਨੇ ਐਤਵਾਰ ਅਤੇ ਸੋਮਵਾਰ ਦੀ ਰਾਤ ਯੂਕ੍ਰੇਨ ’ਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ 181 ਡਰੋਨਾਂ ਨਾਲ ਹਮਲਾ ਕੀਤਾ। ਹਵਾਈ ਫੌਜ ਨੇ ਦੱਸਿਆ ਕਿ ਏਅਰ ਡਿਫੈਂਸ ਸਿਸਟਮ ਨੇ 163 ਡਰੋਨਾਂ ਨੂੰ ਜਾਮ ਕਰ ਕੇ ਰੋਕ ਦਿੱਤਾ ਪਰ 14 ਡਰੋਨਾਂ ਨੇ 13 ਥਾਵਾਂ ’ਤੇ ਨੁਕਸਾਨ ਪਹੁੰਚਾਇਆ।

