27 times in 32 seconds…! School teacher brutally murdered by a lonely youth, CCTV goes viral
32 ਸਕਿੰਟਾਂ ‘ਚ 27 ਵਾਰ…! ਸਿਰਫਿਰੇ ਨੌਜਵਾਨ ਵਲੋਂ ਸਕੂਲ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ, CCTV ਵਾਇਰਲ
ਫ਼ਰੀਦਾਬਾਦ (ਆਵਾਜ਼ਿ ਕੌਮ ਬਿਊਰੋ)-ਬੱਲਭਗੜ੍ਹ ਦੇ ਪਿੰਡ ਸਿਕਰੋਨਾ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਚ ਸੋਮਵਾਰ ਸਵੇਰੇ ਇਕ ਸਨਸਨੀਖੇਜ਼ ਵਾਰਦਾਤ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਿਥੇ ਇਕ ਸਿਰਫਿਰੇ ਨੌਜਵਾਨ ਨੇ ਸਕੂਲ ਵਿਚ ਮਹਿਲਾ ਅਧਿਆਪਕਾ ਦਾ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਨਸਨੀ ਫੈਲ ਗਈ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੌਜਵਾਨ ਨੇ ਸਕੂਲ ਕੰਪਲੈਕਸ ਵਿਚ ਵੜ ਕੇ ਅਧਿਆਪਕਾ ਸੰਧਿਆ ’ਤੇ ਤਾਬੜਤੋੜ ਹਮਲਾ ਕੀਤਾ ਅਤੇ ਪੁਲਸ ਅਨੁਸਾਰ ਕਰੀਬ 32 ਸਕਿੰਟਾਂ ‘ਚ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਲੱਗਭਗ 27 ਵਾਰ ਚਾਕੂ ਨਾਲ ਵਾਰ ਕੀਤੇ। ਗੰਭੀਰ ਰੂਪ ਵਿਚ ਜ਼ਖ਼ਮੀ ਅਧਿਆਪਕਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਹਿਲਾਂ ਵੀ ਅਧਿਆਪਕਾ ਨਾਲ ਛੇੜਛਾੜ ਕੀਤੀ ਸੀ, ਜਿਸ ਦੀ ਸ਼ਿਕਾਇਤ ਪੁਲਸ ਵਿਚ ਦਰਜ ਕਰਵਾਈ ਗਈ ਸੀ। ਉਸ ਸਮੇਂ ਮੁਆਫ਼ੀ ਮੰਗਣ ਦੇ ਬਾਵਜੂਦ ਉਹ ਰੰਜਿਸ਼ ਰੱਖਦਾ ਸੀ। ਸੋਮਵਾਰ ਸਵੇਰੇ ਉਹ ਮੂੰਹ ’ਤੇ ਕੱਪੜਾ ਬੰਨ੍ਹ ਕੇ ਸਕੂਲ ਪਹੁੰਚਿਆ ਅਤੇ ਅਧਿਆਪਕਾ ਨੂੰ ਮਿਲਣ ਦੇ ਬਹਾਨੇ ਉਨ੍ਹਾਂ ਨੂੰ ਮੁੱਖ ਗੇਟ ਤੱਕ ਬੁਲਾਇਆ। ਉੱਥੇ ਪਹੁੰਚਦੇ ਹੀ ਉਸ ਨੇ ਚਾਕੂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਹਮਲੇ ਦੌਰਾਨ ਅਧਿਆਪਕਾ ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਮੁਲਜ਼ਮ ਲਗਾਤਾਰ ਵਾਰ ਕਰਦਾ ਰਿਹਾ। ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਲੋਕਾਂ ਨੂੰ ਵੀ ਮੁਲਜ਼ਮ ਨੇ ਚਾਕੂ ਦਿਖਾ ਕੇ ਅਤੇ ਧਮਕਾ ਕੇ ਪਿੱਛੇ ਹਟਾ ਦਿੱਤਾ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਕਤਲ ਦੀ ਪੂਰੀ ਘਟਨਾ ਸਕੂਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ।

