Dubai Airport cancels SpiceJet flights; passengers traveling to India face hardship
ਦੁਬਈ ਏਅਰਪੋਰਟ ਨੇ ਰੱਦ ਕੀਤੀਆਂ SpiceJet ਦੀਆਂ ਫਲਾਈਟਾਂ ! ਭਾਰਤ ਆਉਣ ਵਾਲੇ ਯਾਤਰੀ ਹੋ ਰਹੇ ਖੱਜਲ
Dubai, (ਆਵਾਜ਼ਿ ਕੌਮ ਬਿਊਰੋ)-ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਸਰਵਿਸ ਪ੍ਰੋਵਾਈਡਰ ਨੂੰ ਬਕਾਇਆ ਰਕਮ ਦਾ ਭੁਗਤਾਨ ਨਾ ਕਰਨ ਕਾਰਨ ਸ਼ੁੱਕਰਵਾਰ ਨੂੰ ਦੁਬਈ ਤੋਂ ਭਾਰਤ ਆਉਣ ਵਾਲੀਆਂ ਸਪਾਈਸਜੈੱਟ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਏਅਰਪੋਰਟ ਦੇ ਸਰਵਿਸ ਪ੍ਰੋਵਾਈਡਰ DNATA ਵੱਲੋਂ ਸਪਾਈਸਜੈੱਟ ਦੀਆਂ ਫਲਾਈਟਾਂ ਨੂੰ ਚੈੱਕ-ਇਨ ਕਾਊਂਟਰ ਅਲਾਟ ਨਹੀਂ ਕੀਤੇ ਗਏ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ, ਸਪਾਈਸਜੈੱਟ ਨੇ ਅਕਤੂਬਰ ਦੇ ਅੱਧ ਤੋਂ ਏਅਰਪੋਰਟ ਦੇ ਸਰਵਿਸ ਪ੍ਰੋਵਾਈਡਰ DNATA ਨੂੰ ਬਕਾਇਆ ਭੁਗਤਾਨ ਨਹੀਂ ਕੀਤਾ ਸੀ, ਜੋ ਵਧ ਕੇ ਲਗਭਗ 35 ਕਰੋੜ ਹੋ ਗਿਆ ਹੈ। ਹਾਲਾਂਕਿ, ਏਅਰਪੋਰਟ ਪ੍ਰਸ਼ਾਸਨ ਜਾਂ ਏਅਰਲਾਈਨ ਵੱਲੋਂ ਇਸ ਰਕਮ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੁਬਈ ਏਅਰਪੋਰਟ ਪ੍ਰਸ਼ਾਸਨ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਹੀ ਸਪਾਈਸਜੈੱਟ ਨੂੰ ਸੂਚਿਤ ਕਰ ਦਿੱਤਾ ਸੀ ਕਿ ਜੇ ਬਕਾਇਆ ਕਲੀਅਰ ਨਾ ਕੀਤਾ ਗਿਆ, ਤਾਂ 12 ਨਵੰਬਰ ਤੋਂ ਯਾਤਰੀਆਂ ਅਤੇ ਸਾਮਾਨ ਲਈ ਚੈੱਕ-ਇਨ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਵੀਰਵਾਰ ਨੂੰ ਏਅਰਲਾਈਨ ਦੀਆਂ 6 ‘ਚੋਂ ਸਿਰਫ਼ 2 ਉਡਾਣਾਂ ਨੂੰ ਹੀ ਸੰਚਾਲਨ ਦੀ ਇਜਾਜ਼ਤ ਮਿਲੀ ਸੀ, ਜਦਕਿ ਸ਼ੁੱਕਰਵਾਰ ਨੂੰ ਇੱਕ ਵੀ ਉਡਾਣ ਭਾਰਤ ਲਈ ਰਵਾਨਾ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਦੁਬਈ ਸਪਾਈਸਜੈੱਟ ਦਾ ਇੱਕੋ-ਇੱਕ ਅੰਤਰਰਾਸ਼ਟਰੀ ਟਿਕਾਣਾ ਹੈ। ਵਿੱਤੀ ਅਤੇ ਸੰਚਾਲਨ ਸੰਕਟ ਕਾਰਨ ਏਅਰਲਾਈਨ ਦੀਆਂ ਉਡਾਣਾਂ ਹਫ਼ਤੇ ‘ਚ 75 ਤੋਂ ਘਟ ਕੇ ਰੋਜ਼ਾਨਾ ਸਿਰਫ਼ 6 ਰਹਿ ਗਈਆਂ ਸਨ। ਬੁੱਧਵਾਰ 11 ਨਵੰਬਰ ਤੱਕ ਏਅਰਲਾਈਨ ਦੁਬਈ ਤੋਂ ਦਿੱਲੀ ਲਈ ਰੋਜ਼ਾਨਾ 2 ਅਤੇ ਅੰਮ੍ਰਿਤਸਰ, ਮੁੰਬਈ, ਅਹਿਮਦਾਬਾਦ ਤੇ ਜੈਪੁਰ ਲਈ 1-1 ਉਡਾਣ ਚਲਾ ਰਹੀ ਸੀ। ਦੁਬਈ ਏਅਰਪੋਰਟ ਸਟੇਸ਼ਨ ਮੈਨੇਜਰ ਨੇ ਵੀਰਵਾਰ ਨੂੰ ਸਪਾਈਸਜੈੱਟ ਦੀ ਫਲਾਈਟ ਆਪ੍ਰੇਸ਼ਨ ਟੀਮ ਨੂੰ ਤਲਬ ਕਰ ਕੇ ਯਾਤਰੀਆਂ ਨੂੰ ਉਡਾਣਾਂ ਰੱਦ ਹੋਣ ਦੀ ਅਧਿਕਾਰਤ ਸੂਚਨਾ ਦੇਣ ਅਤੇ ਫਸੇ ਹੋਏ ਯਾਤਰੀਆਂ ਲਈ ਬਦਲਵੇਂ ਯਾਤਰਾ ਤੇ ਸਟੇਅ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ‘ਤੇ ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, “ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਲੋੜੀਂਦੀ ਬੈਂਕ ਗਾਰੰਟੀ ਕਵਰ ਮੌਜੂਦ ਹੈ ਅਤੇ ਅਸੀਂ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਲਈ ਕੰਮ ਕਰ ਰਹੇ ਹਾਂ।”

