Hormuz will be opened without any ‘toll’! Iran is very close to the agreement
ਬਿਨਾਂ ਕਿਸੇ ‘ਟੋਲ’ ਦੇ ਖੁੱਲ੍ਹੇਗਾ ਹੋਰਮੁਜ਼ ! ਸਮਝੌਤੇ ਦੇ ਬੇਹੱਦ ਕਰੀਬ ਪਹੁੰਚਿਆ ਇਰਾਨ
Tehran, (ਆਵਾਜ਼ਿ ਕੌਮ ਬਿਊਰੋ)-ਇਰਾਨ ਅਤੇ ਓਮਾਨ ਹੋਰਮੁਜ਼ ਸਟ੍ਰੇਟ ਤੋਂ ਵਪਾਰਕ ਸਮੁੰਦਰੀ ਆਵਾਜਾਈ ਬਹਾਲ ਕਰਨ ਲਈ ਇਕ ਸਮਝੌਤੇ ਦੇ ਨੇੜੇ ਪਹੁੰਚ ਗਏ ਹਨ। ਪ੍ਰਸਤਾਵਿਤ ਸਮਝੌਤੇ ਤਹਿਤ ਫਾਰਸ ਦੀ ਖਾੜੀ ਵਿਚ ਦਾਖਲ ਹੋਣ ਵਾਲੇ ਜਹਾਜ਼ ਇਰਾਨ ਦੇ ਕੰਟਰੋਲ ਵਾਲੇ ਉਸ ਦੇ ਤੱਟ ਦੇ ਨੇੜੇ ਸਥਿਤ ਸਮੁੰਦਰੀ ਮਾਰਗ ਤੋਂ ਲੰਘਣਗੇ, ਜਦਕਿ ਬਾਹਰ ਨਿਕਲਣ ਵਾਲੇ ਜਹਾਜ਼ ਓਮਾਨ ਦੇ ਨੇੜੇ ਸਥਿਤ ਮਾਰਗ ਦੀ ਵਰਤੋਂ ਕਰਨਗੇ। ਇਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ ਪਰ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ, ਮਾਲਵਾਹਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ ਅਤੇ ਲੋੜੀਂਦੇ ਅਮਲੇ ’ਤੇ ਹੋਣ ਵਾਲੇ ਖਰਚੇ ਦੀ ਪੂਰਤੀ ਲਈ ‘ਸਰਵਿਸ ਟੈਕਸ’ ਲਿਆ ਜਾਵੇਗਾ। ਅਧਿਕਾਰੀਆਂ ਅਨੁਸਾਰ ਇਸ ਟੈਕਸ ਤੋਂ ਪ੍ਰਾਪਤ ਮਾਲੀਆ ਇਰਾਨ ਅਤੇ ਓਮਾਨ ਵਿਚਾਲੇ ਬਰਾਬਰ ਵੰਡਿਆ ਜਾਵੇਗਾ। ਇਕ ਅਮਰੀਕੀ ਅਧਿਕਾਰੀ ਨੇ ਇਰਾਨ ਦੇ ਇਸ ਦਾਅਵੇ ਨੂੰ ਸਹੀ ਨਹੀਂ ਦੱਸਿਆ। ਉਸ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਵਿਚ ਕਿਸੇ ਵੀ ‘ਅਸਥਾਈ’ ਸ਼ਿਪਿੰਗ ਰੂਟ ਦੀ ਵਰਤੋਂ ਲਈ ਇਰਾਨ ਦੀ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਕਿਸਮ ਦਾ ਟੋਲ ਲਿਆ ਜਾਵੇਗਾ। ਰਿਪੋਰਟ ਅਨੁਸਾਰ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਦੇ ਕੁਝ ਸੀਨੀਅਰ ਅਧਿਕਾਰੀ ਇਸ ਪ੍ਰਸਤਾਵ ਨੂੰ ਲੈ ਕੇ ਸ਼ੰਕੇ ਵਿਚ ਹਨ। ਇਰਾਨ ਦੇ ਕੁਝ ਸੰਸਦ ਮੈਂਬਰ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ਕਰ ਰਹੇ ਹਨ। ਇਰਾਨ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਸੀਨੀਅਰ ਸੰਸਦ ਮੈਂਬਰ ਹੁਸੈਨਅਲੀ ਹਾਜੀਦੇਲੀਗਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਅਰਾਘਚੀ ਦੇ ਖਿਲਾਫ ਮਹਾਦੋਸ਼ ਲਿਆਉਣ ਲਈ ਸਬੂਤ ਅਤੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰ ਰਹੇ ਹਾਂ। ਸਹੀ ਸਮਾਂ ਆਉਣ ’ਤੇ ਇਹ ਪ੍ਰਕਿਰਿਆ ਸ਼ੁਰੂ ਕਰਾਂਗੇ। ਦੂਜੇ ਪਾਸੇ, ਇਜ਼ਰਾਈਲੀ ਚੈਨਲ-14 ਦੀ ਰਿਪੋਰਟ ਮੁਤਾਬਕ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਅਹਿਮ ਮਾਮਲਿਆਂ ਵਿਚ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਦੀ ਭੂਮਿਕਾ ਸੀਮਤ ਕਰ ਦਿੱਤੀ ਹੈ। ਇਸੇ ਦੌਰਾਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਅਸਤੀਫਾ ਦੇਣ ਨਾਲ ਜੁੜੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ’ਤੇ ਬਣੇ ਰਹਿਣਗੇ ਅਤੇ ਦੇਸ਼ ਦੀ ਫੌਜੀ ਲੀਡਰਸ਼ਿਪ ਨਾਲ ਤਾਲਮੇਲ ਕਰ ਕੇ ਕੰਮ ਕਰ ਰਹੇ ਹਨ। ਇਰਾਨ ਨਾਲ ਪੰਜ ਮਹੀਨਿਆਂ ਤੋਂ ਚੱਲ ਰਹੀ ਜੰਗ ਵਿਚ ਅਮਰੀਕਾ ਆਪਣੀਆਂ ਸਭ ਤੋਂ ਅਹਿਮ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਲੱਗਭਗ ਪੂਰਾ ਭੰਡਾਰ ਵਰਤ ਚੁੱਕਾ ਹੈ। ਜੰਗ ਵਿਚ ਪੁਰਾਣੀ ਪੀੜ੍ਹੀ ਅਤੇ ਅਗਲੀ ਪੀੜ੍ਹੀ ਦੀਆਂ ਆਧੁਨਿਕ ਮਿਜ਼ਾਈਲਾਂ ਦੀ ਸਭ ਤੋਂ ਵੱਧ ਵਰਤੋਂ ਹੋਈ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ, ਇਨ੍ਹਾਂ ਦਾ ਭੰਡਾਰ ਲੱਗਭਗ ਖਤਮ ਹੋ ਚੁੱਕਾ ਹੈ, ਹਾਲਾਂਕਿ ਬਚੀ ਹੋਈ ਗਿਣਤੀ ਨਹੀਂ ਦੱਸੀ ਗਈ। ਪੈਟ੍ਰਿਅਟ ਅਤੇ ਥਾਡ ਵਰਗੇ ਏਅਰ ਡਿਫੈਂਸ ਸਿਸਟਮ ਦੀਆਂ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਵੀ ਤੇਜ਼ੀ ਨਾਲ ਘਟਿਆ ਹੈ। ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਅਮਰੀਕਾ ਕੋਲ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਹਥਿਆਰ ਹਨ।

