Indian youth dies in powerful explosion!
ਜ਼ਬਰਦਸਤ ਧਮਾਕੇ ‘ਚ ਭਾਰਤੀ ਨੌਜਵਾਨ ਦੀ ਮੌਤ !
Dubai, (ਆਵਾਜ਼ਿ ਕੌਮ ਬਿਊਰੋ)-ਦੁਬਈ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸ਼ੇਖ ਜ਼ਾਏਦ ਰੋਡ ਸਥਿਤ ਇੱਕ ਕਾਰ ਸ਼ੋਅਰੂਮ ‘ਚ ਗੈਸ ਸਿਲੰਡਰ ਫਟਣ ਕਾਰਨ ਕੇਰਲ ਦੇ ਰਹਿਣ ਵਾਲੇ 27 ਸਾਲਾ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਇਹ ਹਾਦਸਾ ਸੋਮਵਾਰ ਨੂੰ ਵਾਪਰਿਆ। ਮ੍ਰਿਤਕ ਦੀ ਪਛਾਣ ਸ਼ਿਜਿਨ ਪਾਲ ਵਜੋਂ ਹੋਈ ਹੈ, ਜੋ ਕੇਰਲ ਦੇ ਕੋਲਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਕਾਰ ਸ਼ੋਅਰੂਮ ‘ਚ ਸੋਸ਼ਲ ਮੀਡੀਆ ਮੈਨੇਜਰ ਵਜੋਂ ਕੰਮ ਕਰਦਾ ਸੀ। ਦੁਬਈ ਮੀਡੀਆ ਆਫਿਸ ਅਨੁਸਾਰ ਇਸ ਧਮਾਕੇ ਵਿੱਚ ਸ਼ਿਜਿਨ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਜਿਨ ਦੇ ਇਕ ਸਾਥੀ ਕਰਮਚਾਰੀ ਨੇ ਦੱਸਿਆ ਕਿ ਸ਼ੋਅਰੂਮ ‘ਚ ਅਚਾਨਕ ਅੱਗ ਲੱਗ ਗਈ ਤੇ ਜਾਨ ਬਚਾਉਣ ਲਈ ਕਰਮਚਾਰੀ ਬਾਹਰ ਵੱਲ ਭੱਜੇ। ਕੁਝ ਲੋਕਾਂ ਨੇ ਫਾਇਰ ਐਕਸਟਿੰਗੁਇਸ਼ਰ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਸੇ ਦੌਰਾਨ ਗੈਸ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਸ਼ਿਜਿਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਸ਼ਿਜਿਨ ਪਾਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਦੇ ਅਧਿਕਾਰੀਆਂ ਅਨੁਸਾਰ ਉਹ ਸ਼ਿਜਿਨ ਦੇ ਪਰਿਵਾਰ ਨਾਲ ਸੰਪਰਕ ‘ਚ ਹਨ ਅਤੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਹੇ ਹਨ।

