Bishnoi gang’s trap on Canadian student visa, big revelation from intelligence report
ਕੈਨੇਡਾ ਦੇ ਸਟੂਡੈਂਟ ਵੀਜ਼ੇ ’ਤੇ ਬਿਸ਼ਨੋਈ ਗੈਂਗ ਦਾ ਜਾਲ, ਖੁਫ਼ੀਆ ਰਿਪੋਰਟ ਤੋਂ ਹੋਇਆ ਵੱਡਾ ਖੁਲਾਸਾ
ਓਟਾਵਾ/ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੀ ਸਰਹੱਦੀ ਸੇਵਾ ਏਜੰਸੀ (ਸੀ. ਬੀ. ਐੱਸ. ਏ.) ਦੀ ਇਕ ਗੁਪਤ ਖੁਫ਼ੀਆ ਰਿਪੋਰਟ ਨੇ ਭਾਰਤੀ ਮੂਲ ਦੇ ਸੰਗਠਿਤ ਅਪਰਾਧ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ ਗੋਲਡੀ ਬਰਾੜ ਸਾਲ 2017 ਵਿਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਪਹੁੰਚਿਆ ਅਤੇ ਉੱਥੋਂ ਹੀ ਗੈਂਗ ਦੇ ਨੈੱਟਵਰਕ ਦਾ ਤੇਜ਼ੀ ਨਾਲ ਵਿਸਥਾਰ ਕੀਤਾ। ਰਿਪੋਰਟ ਦੇ ਅਨੁਸਾਰ, ਗੈਂਗ ਨੇ ਵਿਦਿਆਰਥੀ ਅਤੇ ਵਰਕ ਪਰਮਿਟ ’ਤੇ ਆਏ ਭਾਰਤੀ ਨੌਜਵਾਨਾਂ ਦੀ ਭਰਤੀ ਕਰ ਕੇ ਜਬਰਨ ਵਸੂਲੀ, ਹਿੰਸਾ ਅਤੇ ਸੰਗਠਿਤ ਅਪਰਾਧ ਦਾ ਵੱਡਾ ਤੰਤਰ ਖੜ੍ਹਾ ਕੀਤਾ। ਰਿਪੋਰਟ ਦੇ ਮੁਤਾਬਕ ਜਾਂਚ ਏਜੰਸੀਆਂ ਨੇ ਪਾਇਆ ਕਿ ਕਈ ਮਾਮਲਿਆਂ ਵਿਚ ਸਟੂਡੈਂਟ ਅਤੇ ਵਰਕ ਵੀਜ਼ੇ ’ਤੇ ਆਏ ਭਾਰਤੀ ਨਾਗਰਿਕ ਸੰਗਠਿਤ ਅਪਰਾਧ ਵਿਚ ਸ਼ਾਮਲ ਪਾਏ ਗਏ। ਸੀ. ਬੀ. ਐੱਸ. ਏ. ਨੇ ਇਸ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਕਥਿਤ ਦੁਰਵਰਤੋਂ ਨਾਲ ਜੋੜਦਿਆਂ ਇਸ ਨੂੰ ਕਾਨੂੰਨ-ਵਿਵਸਥਾ ਲਈ ਗੰਭੀਰ ਚੁਣੌਤੀ ਦੱਸਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2024 ਵਿਚ ਕੈਨੇਡਾ ਵਿਚ ਕੁੱਲ ਜਬਰਨ ਵਸੂਲੀ ਦੇ ਮਾਮਲਿਆਂ ਵਿਚ ਕਮੀ ਜ਼ਰੂਰ ਆਈ ਪਰ ਭਾਰਤੀ ਨਾਗਰਿਕਾਂ ਦੇ ਖਿਲਾਫ ਦਰਜ ਜਬਰਨ ਵਸੂਲੀ ਦੇ ਮਾਮਲਿਆਂ ਵਿਚ 47 ਫੀਸਦੀ ਦਾ ਵਾਧਾ ਵੀ ਹੋਇਆ ਹੈ। ਜਾਂਚ ਦੌਰਾਨ ਕਈ ਪੀੜਤਾਂ ਨੇ ਧਮਕੀ ਭਰੇ ਫੋਨ ਅਤੇ ਸੁਨੇਹਿਆਂ ਵਿਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਉਣ ਦੀ ਗੱਲ ਕਹੀ ਹੈ। ਰਿਪੋਰਟ ਦੇ ਅਨੁਸਾਰ, 2019 ਤੋਂ 2023 ਦਰਮਿਆਨ ਸਟੱਡੀ ਵੀਜ਼ੇ ’ਤੇ ਕੈਨੇਡਾ ਪਹੁੰਚੇ ਲੱਗਭਗ 4,000 ਭਾਰਤੀ ਨਾਗਰਿਕਾਂ ’ਤੇ 17,929 ਅਪਰਾਧਿਕ ਮਾਮਲਿਆਂ ਵਿਚ ਦੋਸ਼ ਦਰਜ ਕੀਤੇ ਗਏ। ਇਨ੍ਹਾਂ ਵਿਚ ਵੱਡੀ ਗਿਣਤੀ ਗੰਭੀਰ ਜਾਂ ਸੰਗਠਿਤ ਅਪਰਾਧ ਨਾਲ ਜੁੜੇ ਮਾਮਲਿਆਂ ਦੀ ਦੱਸੀ ਗਈ ਹੈ। 2024 ਵਿਚ ਵੀ ਸਟੱਡੀ ਵੀਜ਼ੇ ’ਤੇ ਆਏ ਭਾਰਤੀ ਨਾਗਰਿਕਾਂ ਦੇ ਖਿਲਾਫ ਹਜ਼ਾਰਾਂ ਨਵੇਂ ਅਪਰਾਧਿਕ ਮਾਮਲੇ ਦਰਜ ਹੋਣ ਦਾ ਜ਼ਿਕਰ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੋਲਡੀ ਬਰਾੜ ਨੇ ਕੈਨੇਡਾ ਪਹੁੰਚਣ ਤੋਂ ਬਾਅਦ ਉੱਥੇ ਗੈਂਗ ਦਾ ਸੰਚਾਲਨ ਕੀਤਾ ਅਤੇ ਬਾਅਦ ਵਿਚ ਸ਼ਰਨ (ਰਿਫਿਊਜੀ) ਦਾ ਦਾਅਵਾ ਵੀ ਕੀਤਾ, ਜਿਸ ਨੂੰ ਛੱਡ ਦਿੱਤਾ ਗਿਆ। ਦਸਤਾਵੇਜ਼ ਦੇ ਅਨੁਸਾਰ, ਉਸ ’ਤੇ ਕੈਨੇਡਾ ਵਿਚ ਨੌਜਵਾਨਾਂ ਦੀ ਭਰਤੀ ਕਰ ਕੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਕਰਨ ਦੇ ਦੋਸ਼ ਹਨ। ਸੀ. ਬੀ. ਐੱਸ. ਏ. ਦੇ ਅਨੁਸਾਰ ਗੈਂਗ ਦਾ ਮਕਸਦ ਸਿਰਫ਼ ਪੈਸੇ ਉਗਰਾਹੁਣਾ ਨਹੀਂ ਸਗੋਂ ਦੱਖਣੀ ਏਸ਼ੀਆਈ ਭਾਈਚਾਰੇ ਵਿਚ ਡਰ ਦਾ ਮਾਹੌਲ ਬਣਾਉਣਾ ਵੀ ਹੈ। ਵਪਾਰੀਆਂ ਅਤੇ ਹੋਰ ਲੋਕਾਂ ਨੂੰ ਵ੍ਹਟਸਐਪ ਰਾਹੀਂ ਧਮਕੀਆਂ ਭੇਜੀਆਂ ਜਾਂਦੀਆਂ ਸਨ ਅਤੇ ਰਕਮ ਨਾ ਦੇਣ ’ਤੇ ਘਰਾਂ ਅਤੇ ਕਾਰੋਬਾਰਾਂ ’ਤੇ ਗੋਲੀਆਂ ਚਲਾਉਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਰਿਪੋਰਟ ਵਿਚ ਕੀਤਾ ਗਿਆ ਹੈ। ਪਿਛਲੇ ਕੁਝ ਮਹੀਨਿਆਂ ਵਿਚ ਸ਼ੱਕੀ ਗੈਂਗ ਮੈਂਬਰਾਂ ਦੇ ਖਿਲਾਫ ਦੇਸ਼ ਨਿਕਾਲੇ (ਡਿਪੋਰਟੇਸ਼ਨ) ਦੀ ਕਾਰਵਾਈ ਤੇਜ਼ ਹੋਈ ਹੈ। ਰਿਪੋਰਟ ਵਿਚ ਅਜਿਹੇ ਕਈ ਮਾਮਲਿਆਂ ਦਾ ਜ਼ਿਕਰ ਹੈ, ਜਿਨ੍ਹਾਂ ਵਿਚ ਸਟੂਡੈਂਟ ਵੀਜ਼ੇ ’ਤੇ ਆਏ ਲੋਕਾਂ ’ਤੇ ਗੈਂਗ ਨਾਲ ਜੁੜੇ ਹੋਣ ਦੇ ਦੋਸ਼ ਲੱਗੇ ਅਤੇ ਉਨ੍ਹਾਂ ਦੇ ਖਿਲਾਫ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕੀਤੀ ਗਈ। ਰਿਪੋਰਟ ਦੇ ਅਨੁਸਾਰ, ਹਾਲ ਹੀ ਦੇ ਮਹੀਨਿਆਂ ਵਿਚ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵਿਚਾਲੇ ਲਾਰੈਂਸ ਬਿਸ਼ਨੋਈ ਨਾਲ ਮਤਭੇਦ ਉੱਭਰਨ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਦੇ ਬਾਵਜੂਦ ਏਜੰਸੀਆਂ ਦਾ ਮੰਨਣਾ ਹੈ ਕਿ ਨੈੱਟਵਰਕ ਹਾਲੇ ਵੀ ਸਰਗਰਮ ਹੈ ਅਤੇ ਕਈ ਦੇਸ਼ਾਂ ਵਿਚ ਇਸ ਦੇ ਖਿਲਾਫ ਜਾਂਚ ਜਾਰੀ ਹੈ। ਸੀ. ਬੀ. ਐੱਸ. ਏ. ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਸਟੂਡੈਂਟ ਅਤੇ ਵਰਕ ਵੀਜ਼ਾ ਪ੍ਰੋਗਰਾਮਾਂ ਦੀ ਨਿਗਰਾਨੀ ਅਤੇ ਜਾਂਚ ਨੂੰ ਹੋਰ ਸਖ਼ਤ ਨਾ ਕੀਤਾ ਗਿਆ ਤਾਂ ਸੰਗਠਿਤ ਅਪਰਾਧ ਲਈ ਇਨ੍ਹਾਂ ਦੀ ਦੁਰਵਰਤੋਂ ਜਾਰੀ ਰਹਿ ਸਕਦੀ ਹੈ। ਰਿਪੋਰਟ ਇਸ ਪੂਰੇ ਮੁੱਦੇ ਨੂੰ ਕੈਨੇਡਾ ਦੀ ਜਨਤਕ ਸੁਰੱਖਿਆ ਅਤੇ ਇਮੀਗ੍ਰੇਸ਼ਨ ਵਿਵਸਥਾ ਲਈ ਗੰਭੀਰ ਚੁਣੌਤੀ ਰੂਪ ’ਚ ਪੇਸ਼ ਕਰਦੀ ਹੈ।

