Nikhil Gupta will be sentenced on November 20, US court will hear the case in the presence of Pannu
ਨਿਖਿਲ ਗੁਪਤਾ ਨੂੰ 20 ਨਵੰਬਰ ਨੂੰ ਹੋਵੇਗੀ ਸਜ਼ਾ, ਪੰਨੂੰ ਦੀ ਮੌਜੂਦਗੀ ’ਚ ਸੁਣਵਾਈ ਕਰੇਗੀ ਅਮਰੀਕੀ ਅਦਾਲਤ
ਨਿਊਯਾਰਕ/ਲੰਡਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੀ ਦੱਖਣੀ ਜ਼ਿਲ੍ਹੇ ਨਿਊਯਾਰਕ ਸੰਘੀ ਅਦਾਲਤ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਸਜ਼ਾ ਸੁਣਾਉਣ ਦੀ ਤਰੀਕ 25 ਸਤੰਬਰ ਤੋਂ ਵਧਾ ਕੇ 20 ਨਵੰਬਰ ਕਰ ਦਿੱਤੀ ਹੈ। ਅਦਾਲਤ ਨੇ ਇਹ ਫੈਸਲਾ ਅਮਰੀਕੀ ਸਰਕਾਰ ਦੀ ਉਸ ਅਰਜ਼ੀ ’ਤੇ ਲਿਆ, ਜਿਸ ਵਿਚ ਕਥਿਤ ਪੀੜਤ ਗੁਰਪਤਵੰਤ ਸਿੰਘ ਪੰਨੂੰ ਦੀ ਨਿੱਜੀ ਮੌਜੂਦਗੀ ਯਕੀਨੀ ਬਣਾਉਣ ਲਈ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਸੀ। ਅਮਰੀਕੀ ਸਰਕਾਰ ਵੱਲੋਂ ਅਦਾਲਤ ਵਿਚ ਦਾਖਲ ਪੱਤਰ ਅਨੁਸਾਰ ‘ਸਿੱਖਸ ਫਾਰ ਜਸਟਿਸ’ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂੰ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਸਜ਼ਾ ਸੁਣਾਉਣ ਦੀ ਕਾਰਵਾਈ ਵਿਚ ਖੁਦ ਹਾਜ਼ਰ ਹੋ ਕੇ ਆਪਣਾ ਪ੍ਰਭਾਵ ਬਿਆਨ ਪੇਸ਼ ਕਰਨਾ ਚਾਹੁੰਦੇ ਹਨ। ਸਰਕਾਰ ਨੇ ਦੱਸਿਆ ਕਿ ਪੰਨੂੰ 25 ਸਤੰਬਰ ਤੋਂ ਬਾਅਦ ਵਿਦੇਸ਼ ਯਾਤਰਾ ’ਤੇ ਹੋਣਗੇ ਅਤੇ 22 ਅਕਤੂਬਰ ਤੋਂ ਪਹਿਲਾਂ ਉਪਲਬਧ ਨਹੀਂ ਹੋਣਗੇ, ਜਿਸ ਕਾਰਨ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਅਮਰੀਕੀ ਕਾਨੂੰਨ ਤਹਿਤ ਪੀੜਤ ਨੂੰ ਸਜ਼ਾ ਸੁਣਾਉਣ ਦੀ ਕਾਰਵਾਈ ਵਿੱਚ ਹਾਜ਼ਰ ਰਹਿਣ ਅਤੇ ਆਪਣਾ ਪੱਖ ਰੱਖਣ ਦਾ ਕਾਨੂੰਨੀ ਅਧਿਕਾਰ ਹੈ। ਇਸ ਲਈ ਅਦਾਲਤ ਕੋਲ ਬੇਨਤੀ ਕੀਤੀ ਗਈ ਕਿ ਸੁਣਵਾਈ ਕੁਝ ਸਮੇਂ ਲਈ ਅੱਗੇ ਵਧਾ ਦਿੱਤੀ ਜਾਵੇ ਤਾਂ ਜੋ ਇਹ ਅਧਿਕਾਰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾ ਸਕੇ। ਬਚਾਅ ਪੱਖ ਨੇ ਵੀ ਇਸ ਬੇਨਤੀ ਦਾ ਕੋਈ ਵਿਰੋਧ ਨਹੀਂ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਜੱਜ ਵਿਕਟਰ ਮਾਰੇਰੋ ਨੇ ਸਰਕਾਰ ਦੀ ਅਰਜ਼ੀ ਮਨਜ਼ੂਰ ਕਰਦਿਆਂ ਹੁਕਮ ਜਾਰੀ ਕੀਤਾ ਕਿ ਨਿਖਿਲ ਗੁਪਤਾ ਦੀ ਸਜ਼ਾ ਹੁਣ 20 ਨਵੰਬਰ 2026 ਸਵੇਰੇ 10:00 ਵਜੇ ਸੁਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂੰ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਨਾਲ ਸਬੰਧਤ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਹੁਣ ਸਾਰੇ ਧਿਆਨ 20 ਨਵੰਬਰ ਨੂੰ ਹੋਣ ਵਾਲੀ ਸਜ਼ਾ ਸੁਣਾਉਣ ਦੀ ਕਾਰਵਾਈ ’ਤੇ ਕੇਂਦਰਿਤ ਹਨ। ਨਿਖਿਲ ਗੁਪਤਾ ਦੀ ਗ੍ਰਿਫਤਾਰੀ ਤੋਂ ਬਾਦ ਕਨੇਡਾ ਵਿੱਚ ਖਾਲਿਸਤਾਨ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਤੋ ਬਾਦ ਕਨੇਡਾ, ਅਮਰੀਕਾ ਦੇ ਭਾਰਤ ਨਾਲ ਕੂਟਨੀਤਕ ਸੰਬੰਧਾਂ ਵਿੱਚ ਭਾਰੀ ਤਣਾਅ ਬਣਿਆ ਹੋਇਆ ਹੈ ।

