Elections to be held in PoK on August 10 postponed! The administration took the decision due to security reasons
PoK ‘ਚ 10 ਅਗਸਤ ਨੂੰ ਹੋਣ ਵਾਲੀਆਂ ਵੋਟਾਂ ਮੁਲਤਵੀ ! ਸੁਰੱਖਿਆ ਕਾਰਨਾਂ ਕਾਰਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ 10 ਅਗਸਤ ਨੂੰ ਤੀਜੇ ਗੇੜ ਦੀਆਂ ਚੋਣਾਂ ਲਈ ਮਿੱਥੀਆਂ 11 ਸੀਟਾਂ ’ਚੋਂ 7 ’ਤੇ ਹੋਣ ਵਾਲੀ ਵੋਟਿੰਗ ਸੁਰੱਖਿਆ-ਵਿਵਸਥਾ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਅਨਿਸ਼ਚਿਤ ਸਮੇਂ ਲਈ ਟਾਲ ਦਿੱਤੀ ਗਈ ਹੈ। ਹਿੰਸਕ ਰੋਸ-ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਚੋਣਾਂ ਦੇ ਪਹਿਲੇ ਅਤੇ ਦੂਜੇ ਗੇੜ ਦੀ ਵੋਟਿੰਗ ਕਰਮਵਾਰ 27 ਜੁਲਾਈ ਅਤੇ 2 ਅਗਸਤ ਨੂੰ ਹੋਈ ਸੀ ਅਤੇ ਤੀਜੇ ਗੇੜ ਵਿਚ ਸੋਮਵਾਰ ਨੂੰ ਪੀ. ਓ. ਕੇ. ਦੇ ਪੁੰਛ ਮੰਡਲ (ਡਵੀਜ਼ਨ) ਦੀਆਂ 11 ਸੀਟਾਂ ਲਈ ਵੋਟਾਂ ਪੈਣੀਆਂ ਸਨ। ਪੀ. ਓ .ਕੇ. ਦੀ ਕਥਿਤ ਵਿਧਾਨ ਸਭਾ ਲਈ ਕੁੱਲ 45 ਸੀਟਾਂ ’ਤੇ ਚੋਣਾਂ ਹੋ ਰਹੀਆਂ ਹਨ। ਪੀ. ਓ. ਕੇ. ਦੇ ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ, ‘ਪੁੰਛ ਜ਼ਿਲੇ ਦੇ 7 ਚੋਣ ਹਲਕਿਆਂ ਅਤੇ ਸੁਧਨਤੀ ਦੇ ਪੱਲੰਦਰੀ ਵਿਚ 10 ਅਗਸਤ ਨੂੰ ਵੋਟਿੰਗ ਨਹੀਂ ਹੋਵੇਗੀ।’ ਹਾਲਾਂਕਿ ਬਾਗ ਜ਼ਿਲੇ ਦੀਆਂ 3 ਸੀਟਾਂ ਅਤੇ ਹਵੇਲੀ ਦੀ ਇਕ ਸੀਟ ’ਤੇ ਵੋਟਿੰਗ ਤੈਅ ਪ੍ਰੋਗਰਾਮ ਅਨੁਸਾਰ 10 ਅਗਸਤ ਨੂੰ ਹੀ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ, ‘ਸਾਨੂੰ ਉਥੋਂ ਦੇ ਗ੍ਰਹਿ ਸਕੱਤਰ ਵਲੋਂ ਇਕ ਰਿਪੋਰਟ ਮਿਲੀ ਹੈ, ਜਿਸ ਵਿਚ ਪੁੰਛ ਜ਼ਿਲੇ ਅਤੇ ਪੱਲੰਦਰੀ ਜ਼ਿਲੇ ਦੇ ਕੁਝ ਇਲਾਕਿਆਂ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਇਨ੍ਹਾਂ ਸੀਟਾਂ ’ਤੇ ਵੋਟਿੰਗ ਦੀ ਅਗਲੀ ਤਰੀਕ ਬਾਅਦ ਵਿਚ ਐਲਾਨੀ ਜਾਵੇਗੀ।’

