6-year record broken: Canada deports 3,323 Indians in just 6 months
6 ਸਾਲਾਂ ਦਾ ਟੁੱਟਿਆ ਰਿਕਾਰਡ: ਕੈਨੇਡਾ ਨੇ ਸਿਰਫ਼ 6 ਮਹੀਨਿਆਂ ‘ਚ 3,323 ਭਾਰਤੀਆਂ ਨੂੰ ਭੇਜਿਆ ਵਾਪਸ
ਓਟਾਵਾ (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਨੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ ਰਿਕਾਰਡ 3,323 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਿਸ ਨਾਲ ਇਹ ਗਿਣਤੀ 6 ਸਾਲਾਂ ’ਚ ਸਭ ਤੋਂ ਵੱਧ ਅੰਕੜੇ ਨੂੰ ਪਾਰ ਕਰਨ ਦੀ ਰਾਹ ’ਤੇ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਅਨੁਸਾਰ ਪੂਰੇ 2025 ਸਾਲ ਲਈ ਦੇਸ਼ ’ਚੋਂ ਕਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 3779 ਸੀ, ਜਦੋਂਕਿ ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ ਹੀ 3,323 ਭਾਰਤੀਆਂ ਨੂੰ ਦੇਸ਼ ’ਚੋਂ ਕਢ ਦਿੱਤਾ ਗਿਆ। ਕੈਨੇਡਾ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਖ਼ਤ ਕਰ ਰਿਹਾ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਰਜ਼ੀ ਵਿਦੇਸ਼ੀ ਕਾਮਿਆਂ ਸਮੇਤ ਆਰਜ਼ੀ ਵਾਸੀਆਂ ਦੀ ਗਿਣਤੀ ਘਟਾ ਰਿਹਾ ਹੈ। ਕੈਨੇਡਾ ਆਮ ਤੌਰ ’ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ, ਸ਼ਰਣ ਜਾਂ ਸ਼ਰਨਾਰਥੀ ਦਾਅਵਿਆਂ ਨੂੰ ਰੱਦ ਕਰਨ, ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੱਕ ਠਹਿਰਨ ਤੇ ਵੀਜ਼ਾ ਧੋਖਾਦੇਹੀ ਵਰਗੇ ਕਾਰਨਾਂ ਕਰ ਕੇ ਭਾਰਤੀ ਨਾਗਰਿਕਾਂ ਨੂੰ ਦੇਸ਼ ’ਚੋਂ ਕਢ ਦਿੰਦਾ ਹੈ। ਇਸ ਸਾਲ ਦੇ ਪਹਿਲੇ ਅੱਧ ’ਚ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਲੋਕਾਂ ’ਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਸੀ। ਭਾਰਤ ਨੇ ਮੈਕਸੀਕੋ ਨੂੰ ਪਛਾੜ ਦਿੱਤਾ ਜਿਸ ਦੇ ਇਸ ਸਮੇਂ ਦੌਰਾਨ 1573 ਨਾਗਰਿਕ ਡਿਪੋਰਟ ਕੀਤੇ ਗਏ ਸਨ। ਪਿਛਲੇ 5 ਸਾਲਾਂ ’ਚ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਨਾਗਰਿਕਾਂ ਦੀ ਸੂਚੀ ’ਚ ਮੈਕਸੀਕੋ ਸਿਖਰ ‘ਤੇ ਸੀ, ਜਦੋਂ ਕਿ ਭਾਰਤ ਇਸ ਸਮੇਂ ਦੌਰਾਨ ਦੂਜੇ ਨੰਬਰ ’ਤੇ ਸੀ। ਭਾਰਤ ਇਸ ਤੋਂ ਪਹਿਲਾਂ 2020 ’ਚ ਸੂਚੀ ’’ਚ ਸਿਖਰ ‘ਤੇ ਸੀ? ਉਦੋਂ ਕੈਨੇਡਾ ਨੇ 1424 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ।

