Bihar farmers rejoice, earn huge profit from exports to Australia
ਬਿਹਾਰ ਦੇ ਕਿਸਾਨਾਂ ਦੀਆਂ ਲੱਗੀਆਂ ਮੌਜਾਂ, ਆਸਟ੍ਰੇਲਿਆ ਨੂੰ ਬਰਾਮਦ ਤੋਂ ਕਮਾਇਆ ਮੋਟਾ ਮੁਨਾਫ਼ਾ
Patna, (ਆਵਾਜ਼ਿ ਕੌਮ ਬਿਊਰੋ)-ਬਿਹਾਰ ਦੇ ਪ੍ਰਸਿੱਧ ਜੀ. ਆਈ. (ਜੀਓਗ੍ਰਾਫੀਕਲ ਇੰਡੀਕੇਸ਼ਨ) ਟੈਗ ਪ੍ਰਾਪਤ ‘ਮਿਥਿਲਾ ਮਖਾਣਾ’ ਨੇ ਅੰਤਰਰਾਸ਼ਟਰੀ ਬਾਜ਼ਾਰ ’ਚ ਇਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਪਹਿਲੀ ਵਾਰ ਬਿਹਾਰ ਤੋਂ 18 ਮੀਟ੍ਰਿਕ ਟਨ ਮਿਥਿਲਾ ਮਖਾਣਾ ਦੀ ਆਸਟ੍ਰੇਲੀਆ ਨੂੰ ਸਮੁੰਦਰੀ ਰਸਤੇ ਰਾਹੀਂ ਬਰਾਮਦ ਕੀਤੀ ਗਈ ਹੈ। ਪਿਊਸ਼ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸ ਉਪਲੱਬਧੀ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਜੀ. ਆਈ.-ਟੈਗ ਵਾਲੇ ਮਿਥਿਲਾ ਮਖਾਣਾ ਨੇ ਗਲੋਬਲ ਬਾਜ਼ਾਰ ’ਚ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਹ ਮਖਾਣਾ ਸਿੱਧਾ ਦਰਭੰਗਾ ਦੇ ਕਿਸਾਨਾਂ ਤੋਂ ਖਰੀਦਿਆ ਗਿਆ ਸੀ। ਇਸ ਪਹਿਲ ਨਾਲ ਜੁੜੇ ਕਿਸਾਨਾਂ ਨੂੰ ਬਾਜ਼ਾਰ ਭਾਅ ਦੀ ਤੁਲਨਾ ’ਚ ਲੱਗਭਗ 18 ਫੀਸਦੀ ਵੱਧ ਲਾਭ ਮਿਲਿਆ ਹੈ, ਜਿਸ ਨਾਲ ਉਨ੍ਹਾਂ ਦੀ ਆਮਦਨ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਗੋਇਲ ਨੇ ਕਿਹਾ ਕਿ ਮਿਥਿਲਾ ਮਖਾਣਾ ਦੀ ਵਧਦੀ ਗਲੋਬਲ ਮੰਗ ਬਿਹਾਰ ਦੇ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ ਅਤੇ ਇਹ ਸੂਬੇ ਦੇ ਖੇਤੀਬਾੜੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ। ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਵਿਕਸਤ ਦੇਸ਼ਾਂ ’ਚ ਮਿਥਿਲਾ ਮਖਾਣਾ ਦੀ ਵਧਦੀ ਮੰਗ ਬਿਹਾਰ ਦੇ ਕਿਸਾਨਾਂ ਲਈ ਵੱਡੇ ਮੌਕੇ ਲੈ ਕੇ ਆ ਸਕਦੀ ਹੈ। ਇਸ ਨਾਲ ਨਾ ਸਿਰਫ ਬਰਾਮਦ ਵਧੇਗੀ, ਸਗੋਂ ਮਖਾਣਾ ਪ੍ਰੋਸੈਸਿੰਗ, ਪੈਕੇਜਿੰਗ ਅਤੇ ਵੈਲਿਊ ਐਡੀਸ਼ਨ ਨਾਲ ਜੁੜੇ ਉਦਯੋਗਾਂ ’ਚ ਵੀ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਮਿਥਿਲਾ ਖੇਤਰ ’ਚ ਉਤਪਾਦਿਤ ਮਖਾਣਾ ਆਪਣੀ ਗੁਣਵੱਤਾ ਅਤੇ ਪੌਸ਼ਟਿਕਤਾ ਲਈ ਦੇਸ਼-ਵਿਦੇਸ਼ ’ਚ ਪਛਾਣ ਰੱਖਦਾ ਹੈ। ਇਸ ਨੂੰ ਇਕ ਹੈਲਦੀ ਸਨੈਕ ਦੇ ਰੂਪ ’ਚ ਤੇਜ਼ੀ ਨਾਲ ਲੋਕਪ੍ਰਿਅਤਾ ਮਿਲ ਰਹੀ ਹੈ। ਅਜਿਹੇ ’ਚ ਸਮੁੰਦਰੀ ਰਸਤੇ ਤੋਂ ਸਫਲ ਬਰਾਮਦ ਭਾਰਤ ਦੀ ਵੈਲਿਊ-ਐਡਿਡ ਖੇਤੀਬਾੜੀ ਉਤਪਾਦ ਬਰਾਮਦ ਰਣਨੀਤੀ ਨੂੰ ਮਜ਼ਬੂਤੀ ਦੇਵੇਗੀ ਅਤੇ ਗਲੋਬਲ ‘ਰੈਡੀ-ਟੂ-ਈਟ’ ਅਤੇ ਸਿਹਤਮੰਦ ਭੋਜਨ ਬਾਜ਼ਾਰ ’ਚ ਭਾਰਤ ਦੀ ਹਿੱਸੇਦਾਰੀ ਵਧਾਉਣ ’ਚ ਮਦਦ ਕਰੇਗੀ। ਇਸ ਉਪਲੱਬਧੀ ਨਾਲ ਬਿਹਾਰ ਦੇ ਮਖਾਣਾ ਕਿਸਾਨਾਂ ਦੀ ਆਮਦਨ ਵਧਣ ਦੇ ਨਾਲ-ਨਾਲ ਸੂਬੇ ਦੀ ਖੇਤੀਬਾੜੀ ਬਰਾਮਦ ਨੂੰ ਵੀ ਨਵੀਂ ਰਫਤਾਰ ਮਿਲਣ ਦੀ ਉਮੀਦ ਹੈ।

