Celebrations of Guru Nanak Dev Ji’s Prakash Purab in the British Parliament; special honors for prominent figures of the Sikh community
*ਬਰਤਾਨੀਆ ਸੰਸਦ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਸਿੱਖ ਪੰਥ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ *ਭਾਈ ਪਰਵਿੰਦਰ ਸਿੰਘ ਝੋਟਾ ਨੂੰ ਮਰਨ ਉਪਰੰਤ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਜੀਵਨ ਭਰ ਦੀਆਂ ਸੇਵਾਵਾਂ ਬਦਲੇ ਐਵਾਰਡ
ਲੰਡਨ – ਸਰਬਜੀਤ ਸਿੰਘ ਬਨੂੜ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬਰਤਾਨੀਆ ਸੰਸਦ ਵਿਖੇ ਕਰਵਾਇਆ ਗਿਆ, ਜਿਸ ਵਿੱਚ ਐਮ ਪੀਜ਼ ਤੋਂ ਇਲਾਵਾ ਸਮੁੱਚੇ ਯੂ.ਕੇ. ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਐਮ ਪੀ ਜਸ ਅਠਵਾਲ, ਪ੍ਰੀਤ ਕੌਰ ਗਿੱਲ, ਡਾ. ਲੌਰੇਨ ਸੁਲੀਵਨ, ਗੁਰਿੰਦਰ ਸਿੰਘ ਜੋਸਨ, ਮੈਟ ਵੈਸਟਰਨ ਅਤੇ ਜੌਨ ਮੈਕਡੋਨਲ ਨੇ ਸੰਬੋਧਨ ਕੀਤਾ। ਸਿੱਖ ਭਾਈਚਾਰੇ ਵੱਲੋਂ ਅਮਨਦੀਪ ਸਿੰਘ, ਦਵਿੰਦਰਜੀਤ ਸਿੰਘ ਸਿੱਧੂ, ਜਸ ਸਿੰਘ ਅਤੇ ਮਨਕਮਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ 10 ਸ਼੍ਰੇਣੀਆਂ ਤਹਿਤ ਵਿਸ਼ੇਸ਼ ਸਨਮਾਨ ਦਿੱਤੇ ਗਏ ਜਿਸ ਵਿੱਚ ਰਾਜਨੀਤਕ ਖੇਤਰ ਵਿੱਚ ਪਾਏ ਯੋਗਦਾਨ ਲਈ ਬ੍ਰਿਟਿਸ਼ ਸੰਸਦ ਮੈਂਬਰ ਸਤਵੀਰ ਕੌਰ, ਖੇਡਾਂ ਦੇ ਖੇਤਰ ਵਿੱਚ ਮੁੱਕੇਬਾਜ਼ ਗੁਲਰਾਜ ਸਿੰਘ ਪਵਾਰ (ਗੁੱਲੀ ਪਵਾਰ), ਸਿੱਖਿਆ ਦੇ ਖੇਤਰ ਵਿੱਚ ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਅਤੇ ਕਾਰੋਬਾਰੀ ਖੇਤਰ ਵਿੱਚ ਏਸ਼ੀਅਨ ਵਿਮੈਨ ਮੀਨ ਬਿਜ਼ਨਸ ਦੀ ਸੰਸਥਾਪਕ ਰੁਪਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਮੀਡੀਆ ਦੇ ਖੇਤਰ ਵਿੱਚ ਜਤਿੰਦਰ ਸਿੰਘ ਹੇਅਰ ਅਤੇ ਮਰਹੂਮ ਜਸਬੀਰ ਸਿੰਘ ਹੇਅਰ (ਕ੍ਰੇ ਟਵਿਨਜ਼), ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਬਾਕੂ ਇਨੀਸ਼ੀਏਟਿਵ ਗਰੁੱਪ, ਨਿਸ਼ਕਾਮ ਸੇਵਾ ਅਤੇ ਲੋਕ ਭਲਾਈ ਲਈ ਮਨਜਿੰਦਰ ਸਿੰਘ ‘ਮੈਨੀ’ ਕੰਗ ਬੀ.ਈ.ਐੱਮ. ਅਤੇ ਵਿਸ਼ੇਸ਼ ਸੰਸਥਾ ਵਜੋਂ ਦੇਗ ਤੇਗ ਫ਼ਤਹਿ (ਡੀ.ਟੀ.ਐੱਫ. ਬੁੱਕਸ) ਨੂੰ ਸਨਮਾਨ ਦਿੱਤਾ ਗਿਆ।
ਸਮਾਗਮ ਦੌਰਾਨ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਯੋਗਦਾਨ ਲਈ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ, ਜਦਕਿ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਕਾਨੂੰਨੀ ਸੇਵਾਵਾਂ ਨਿਭਾਉਂਦੇ ਆ ਰਹੇ ਉੱਘੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਨਿਵਾਜਿਆ ਗਿਆ।
ਇਸ ਸਾਲਾਨਾ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਮਾਗਮ ਵਿੱਚ ਅੱਧੀ ਗਿਣਤੀ ਔਰਤਾਂ ਦੀ ਸੀ।
ਸਿੱਖ ਫੈਡਰੇਸ਼ਨ ਯੂ.ਕੇ. ਦੇ ਸੀਨੀਅਰ ਆਗੂ ਸ. ਦਵਿੰਦਰਜੀਤ ਸਿੰਘ ਸਿੱਧੂ ਨੇ ਸਮਾਗਮ ਵਿੱਚ ਬ੍ਰਿਟਿਸ਼ ਸੰਸਦ ਮੈਂਬਰਾਂ ਸਮੇਤ ਸਮੁੱਚੇ ਯੂ.ਕੇ. ਤੋਂ ਪਹੁੰਚੀਆਂ ਸਿੱਖ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

