Police raid 26 locations of Jamaat-e-Islami, seize documents and electronic devices
ਜਮਾਤ-ਏ-ਇਸਲਾਮੀ ਦੇ 26 ਟਿਕਾਣਿਆਂ ’ਤੇ ਪੁਲਸ ਦਾ ਛਾਪਾ, ਜ਼ਬਤ ਕੀਤੇ ਦਸਤਾਵੇਜ਼ ਤੇ ਇਲੈਕਟ੍ਰਾਨਿਕ ਉਪਕਰਨ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਪੁਲਸ ਨੇ ਐਤਵਾਰ ਸੋਪੋਰ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ ਨਾਲ ਜੁੜੇ 26 ਟਿਕਾਣਿਆਂ ’ਤੇ ਛਾਪੇ ਮਾਰੇ। ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ ਅਪਰਾਧ ’ਚ ਵਰਤੇ ਜਾਣ ਵਾਲੇ ਦਸਤਾਵੇਜ਼, ਕਿਤਾਬਾਂ ਅਤੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਗਏ। ਦੱਸ ਦੇਈਏ ਕਿ ਪੁਲਸ ਵਲੋਂ ਇਹ ਕਾਰਵਾਈ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ. ਏ. ਪੀ. ਏ.) ਅਧੀਨ ਸੰਗਠਨ ਵਿਰੁੱਧ ਦਰਜ ਮਾਮਲਿਆਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਵੱਖਵਾਦੀ ਸਰਗਰਮੀਆਂ ਨਾਲ ਜੁੜੇ ਪਾਬੰਦੀਸ਼ੁਦਾ ਸੰਗਠਨਾਂ ਤੇ ਨੈੱਟਵਰਕਾਂ ਵਿਰੁੱਧ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ ਸੋਪੋਰ ਪੁਲਸ ਨੇ ਯੂ. ਏ. ਪੀ. ਏ. ਅਧੀਨ ਜਮਾਤ-ਏ-ਇਸਲਾਮੀ ਵਿਰੁੱਧ ਦਰਜ ਮਾਮਲਿਆਂ ਦੀ ਜਾਂਚ ਦੇ ਸਬੰਧ ’ਚ ਸੋਪੋਰ ਪੁਲਸ ਜ਼ਿਲ੍ਹੇ ’ਚ 26 ਥਾਵਾਂ ’ਤੇ ਇਕੋ ਸਮੇਂ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਸੋਪੋਰ ਪੁਲਸ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ‘ਜਮਾਤ’ ਦੇ ਆਗੂਆਂ, ਮੈਂਬਰਾਂ ਤੇ ਕਾਰਕੁੰਨਾਂ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਹ ਕਾਰਵਾਈ ਕਾਨੂੰਨ ਵੱਲੋਂ ਸਥਾਪਿਤ ਪ੍ਰਕਿਰਿਆਵਾਂ ਤੇ ਨਿਯਮਾਂ ਅਨੁਸਾਰ ਕੀਤੀ ਗਈ।

