Discussions of alliances in Punjab politics ahead of 2027 assembly elections
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਗਠਜੋੜ ਦੀਆਂ ਚਰਚਾਵਾਂ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੀ ਰਾਜਨੀਤੀ ਵਿਚ ਕਦੇ ਮਜ਼ਬੂਤ ਸਿਆਸੀ ਤਾਕਤ ਰਹੇ ਸ਼੍ਰੋਮਣੀ ਅਕਾਲੀ ਦਲ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਜੂਦ ਅਤੇ ਵਾਪਸੀ ਦੀ ਵੱਡੀ ਲੜਾਈ ਬਣਦੀਆਂ ਵਿਖਾਈ ਦੇ ਰਹੀਆਂ ਹਨ। ਇਸੇ ਦੌਰਾਨ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਦੋਬਾਰਾ ਗਠਜੋੜ ਦੀਆਂ ਸੰਭਾਵਨਾਵਾਂ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਦਲ ਫਿਰ ਇਕੱਠੇ ਹੁੰਦੇ ਹਨ ਤਾਂ ਇਹ ਅਕਾਲੀ ਦਲ ਲਈ ਗੁਆਚੀ ਹੋਈ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਦਾ ਰਸਤਾ ਖੋਲ੍ਹ ਸਕਦਾ ਹੈ। ਰਿਪੋਰਟ ਮੁਤਾਬਕ ਪੰਜਾਬ ਦੀ ਚੋਣ ਰਾਜਨੀਤੀ ‘ਚ ਸਿੱਖ ਪਛਾਣ ਅਤੇ ਉਸ ਨਾਲ ਜੁੜੇ ਮੁੱਦੇ ਲੰਮੇ ਸਮੇਂ ਤੱਕ ਅਕਾਲੀ ਦਲ ਦੀ ਸਭ ਤੋਂ ਵੱਡੀ ਤਾਕਤ ਰਹੇ ਹਨ ਪਰ ਪਿਛਲੇ ਇਕ ਦਹਾਕੇ ਵਿਚ ਪਾਰਟੀ ਦੇ ਜਨ-ਆਧਾਰ ਵਿਚ ਲਗਾਤਾਰ ਗਿਰਾਵਟ ਆਈ ਹੈ। ਵੱਖ-ਵੱਖ ਅਕਾਲੀ ਧੜਿਆਂ ਦੇ ਉੱਭਰਨ ਅਤੇ ਨਵੇਂ ਸਿਆਸੀ ਬਦਲਾਂ ਦੇ ਮਜ਼ਬੂਤ ਹੋਣ ਨਾਲ ‘ਪੰਥਕ’ ਸਿਆਸੀ ਖੇਤਰ ਵੀ ਵੰਡਿਆ ਗਿਆ ਹੈ। ਅਜਿਹੇ ਵਿਚ ਭਾਜਪਾ ਨਾਲ ਸੰਭਾਵਿਤ ਗਠਜੋੜ ਅਕਾਲੀ ਦਲ ਨੂੰ ਆਪਣੇ ਪੁਰਾਣੇ ਸਮਰਥਕਾਂ ਤੱਕ ਦੋਬਾਰਾ ਪਹੁੰਚ ਬਣਾਉਣ ਦਾ ਮੌਕਾ ਦੇ ਸਕਦਾ ਹੈ। ਹਾਲਾਂਕਿ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਦੋਵੇਂ ਪਾਰਟੀਆਂ ਆਪਣੇ-ਆਪਣੇ ਸਿਆਸੀ ਹਿੱਤਾਂ ਵਿਚਾਲੇ ਸੰਤੁਲਨ ਕਾਇਮ ਕਰ ਸਕਣਗੀਆਂ। ਪਿਛਲੇ ਤਕਰੀਬਨ ਇਕ ਦਹਾਕੇ ਵਿਚ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ‘ਚ ਲਗਾਤਾਰ ਝਟਕੇ ਲੱਗੇ ਹਨ। ਪਾਰਟੀ ਦਾ ਉਹ ਪ੍ਰਭਾਵ ਕਮਜ਼ੋਰ ਹੋਇਆ ਹੈ, ਜਿਸ ਦੇ ਦਮ ’ਤੇ ਉਹ ਲੰਮੇ ਸਮੇਂ ਤੱਕ ਸੂਬੇ ਦੀ ਮੁੱਖ ਸਿਆਸੀ ਤਾਕਤ ਬਣੀ ਰਹੀ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਰਵਾਇਤੀ ਸਮਰਥਕ ਵਰਗ ਨੂੰ ਦੋਬਾਰਾ ਆਪਣੇ ਨਾਲ ਜੋੜਨ ਦੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਦੇ ਸਿਆਸੀ ਘਟਨਾਕ੍ਰਮਾਂ ਨੇ ਪਾਰਟੀ ਦੇ ਸਾਹਮਣੇ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ। ਸੰਗਰੂਰ ਲੋਕ ਸਭਾ ਸੀਟ ਤੋਂ 2022 ਵਿਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਵੀ ‘ਪੰਥਕ’ ਸਿਆਸੀ ਖੇਤਰ ਵਿਚ ਵਧਦੇ ਖਿਲਾਰੇ ਵੱਲ ਇਸ਼ਾਰਾ ਕੀਤਾ। 2025 ਵਿਚ ਅਕਾਲੀ ਦਲ ਵਿਚ ਇਕ ਵੱਡੀ ਵੰਡ ਵੇਖਣ ਨੂੰ ਮਿਲੀ। ਬਾਗੀ ਧੜੇ ਨੇ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦਾ ਗਠਨ ਕੀਤਾ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ‘ਵਾਰਿਸ ਪੰਜਾਬ ਦੇ’ ਨੇ ਵੀ ਪੰਥਕ ਰਾਜਨੀਤੀ ਵਿਚ ਆਪਣੀ ਮੌਜੂਦਗੀ ਮਜ਼ਬੂਤ ਕੀਤੀ ਹੈ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਅਕਾਲੀ ਦਲ (ਅੰਮ੍ਰਿਤਸਰ) ਵੀ ਸਮੇਂ-ਸਮੇਂ ’ਤੇ ਪੰਜਾਬ ਦੇ ਸਿਆਸੀ ਮੁੱਦਿਆਂ ’ਤੇ ਸਰਗਰਮ ਰਿਹਾ ਹੈ। ਇਨ੍ਹਾਂ ਵੱਖ-ਵੱਖ ਤਾਕਤਾਂ ਨੇ ਅਕਾਲੀ ਦਲ ਦੇ ਰਵਾਇਤੀ ‘ਪੰਥਕ’ ਆਧਾਰ ਨੂੰ ਕਈ ਹਿੱਸਿਆਂ ਵਿਚ ਵੰਡ ਦਿੱਤਾ ਹੈ। ਸਿਆਸੀ ਮਾਹਿਰਾਂ ਮੁਤਾਬਕ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸੰਭਾਵਿਤ ਗਠਜੋੜ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਚੋਣ ਸਮੀਕਰਨ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਭਾਜਪਾ ਕੋਲ ਸ਼ਹਿਰੀ ਅਤੇ ਗੈਰ-ਪੰਥਕ ਖੇਤਰਾਂ ਵਿਚ ਆਪਣਾ ਆਧਾਰ ਹੈ, ਜਦਕਿ ਅਕਾਲੀ ਦਲ ਦਾ ਰਵਾਇਤੀ ਪ੍ਰਭਾਵ ਦਿਹਾਤੀ ਪੰਜਾਬ ਅਤੇ ਸਿੱਖ ਵੋਟਰਾਂ ਵਿਚਾਲੇ ਰਿਹਾ ਹੈ। ਦੋਵੇਂ ਪਾਰਟੀਆਂ ਜੇਕਰ ਇਨ੍ਹਾਂ ਆਧਾਰਾਂ ਨੂੰ ਇਕ ਮੰਚ ‘ਤੇ ਲਿਆਉਣ ਵਿਚ ਸਫ਼ਲ ਹੁੰਦੀਆਂ ਹਨ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਹਮਣੇ ਇਕ ਮਜ਼ਬੂਤ ਸਿਆਸੀ ਬਦਲ ਖੜ੍ਹਾ ਹੋ ਸਕਦਾ ਹੈ। ਪੰਜਾਬ ਦੀ ਪੰਥਕ ਸਿਆਸਤ ਦਾ ਅਧਿਐਨ ਕਰਨ ਵਾਲੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੱਤਾ ਵਿਚ ਵਾਪਸੀ ਦੀ ਸੰਭਾਵਨਾ ਹੀ ਵੱਖ-ਵੱਖ ਅਕਾਲੀ ਧੜਿਆਂ ਅਤੇ ਭਾਜਪਾ ਨੂੰ ਇਕ ਸਾਂਝੇ ਮੰਚ ਵੱਲ ਖਿੱਚ ਸਕਦੀ ਹੈ। ਉਨ੍ਹਾਂ ਦਾ ਤਰਕ ਹੈ ਕਿ ਸਿਆਸੀ ਤਾਕਤ ਅਤੇ ਸੱਤਾ ਦੀ ਸੰਭਾਵਨਾ ਹੀ ਵੱਖ-ਵੱਖ ਧੜਿਆਂ ਨੂੰ ਇਕਜੁੱਟ ਰੱਖਣ ਵਾਲੀ ਸਭ ਤੋਂ ਵੱਡੀ ਕੜੀ ਬਣ ਸਕਦੀ ਹੈ। ਜੇਕਰ ਅਕਾਲੀ ਦਲ ਅਤੇ ਭਾਜਪਾ ਨੂੰ ਸੱਤਾ ਵਿਚ ਵਾਪਸੀ ਦੀ ਅਸਲ ’ਚ ਸੰਭਾਵਨਾ ਦਿਖਾਈ ਦਿੰਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ ਇਰਦ-ਗਿਰਦ ਦੁਬਾਰਾ ਸਿਆਸੀ ਲਾਮਬੰਦੀ ਦੀ ਕੋਸ਼ਿਸ਼ ਤੇਜ਼ ਹੋ ਸਕਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਜੇਕਰ ਵੱਖੋ-ਵੱਖ ਹੋ ਕੇ ਚੋਣ ਲੜਦੇ ਹਨ ਤਾਂ ਦੋਵਾਂ ਦੀਆਂ ਵੋਟਾਂ ਦੀ ਵੰਡ ਕਾਰਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਫ਼ਾਇਦਾ ਹੋ ਸਕਦਾ ਹੈ। ਇਸ ਦੇ ਉਲਟ ਗੱਠਜੋੜ ਦੀ ਸਥਿਤੀ ਵਿਚ ਦੋਵੇਂ ਪਾਰਟੀਆਂ ਇਕ-ਦੂਜੇ ਦੇ ਵੋਟ ਬੈਂਕ ਨੂੰ ਜੋੜਨ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਹਾਲਾਂਕਿ ਅਜੇ ਦੋਵਾਂ ਪਾਰਟੀਆਂ ਵੱਲੋਂ ਕਿਸੇ ਰਸਮੀ ਗੱਠਜੋੜ ਦਾ ਐਲਾਨ ਨਹੀਂ ਹੋਇਆ ਹੈ। ਇਸ ਦੇ ਬਾਵਜੂਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸੰਭਾਵਿਤ ਗੱਠਜੋੜ ਦੀ ਚਰਚਾ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਜ਼ਰੂਰ ਪੈਦਾ ਕਰ ਦਿੱਤੀ ਹੈ। ਅਕਾਲੀ ਦਲ ਲਈ ਭਾਜਪਾ ਨਾਲ ਦੁਬਾਰਾ ਹੱਥ ਮਿਲਾਉਣਾ ਸਿਰਫ ਚੋਣ ਗੱਠਜੋੜ ਦਾ ਸਵਾਲ ਨਹੀਂ ਹੋਵੇਗਾ। ਅਸਲੀ ਚੁਣੌਤੀ ਆਪਣੇ ਖਿੰਡੇ ‘ਪੰਥਕ’ ਆਧਾਰ ਨੂੰ ਫਿਰ ਤੋਂ ਇਕਜੁੱਟ ਕਰਨ ਦੀ ਹੋਵੇਗੀ। ਪਾਰਟੀ ਜੇਕਰ ਆਪਣੇ ਪੁਰਾਣੇ ਸਮਰਥਕਾਂ ਦਾ ਭਰੋਸਾ ਵਾਪਸ ਹਾਸਲ ਕਰ ਲੈਂਦੀ ਹੈ ਅਤੇ ਭਾਜਪਾ ਆਪਣੇ ਗੈਰ-ਪੰਥਕ ਆਧਾਰ ਨੂੰ ਉਸ ਨਾਲ ਜੋੜ ਲੈਂਦੀ ਹੈ, ਤਾਂ 2027 ਵਿਚ ਪੰਜਾਬ ਦੀ ਚੋਣ ਤਸਵੀਰ ਕਾਫ਼ੀ ਹੱਦ ਤੱਕ ਬਦਲ ਸਕਦੀ ਹੈ। ਫ਼ਿਲਹਾਲ ਗੇਂਦ ਦੋਵਾਂ ਪਾਰਟੀਆਂ ਦੇ ਪਾਲੇ ਵਿਚ ਹੈ ਅਤੇ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ 2027 ਦੀ ਸਿਆਸੀ ਜੰਗ ਤੋਂ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਫਿਰ ਪੁਰਾਣੇ ਸਾਥੀ ਬਣਦੇ ਹਨ ਜਾਂ ਵੱਖਰੇ-ਵੱਖਰੇ ਰਸਤੇ ’ਤੇ ਚੱਲਦੇ ਹਨ।

