Riots in Chandigarh schools! Police increase security
ਚੰਡੀਗੜ੍ਹ ਦੇ ਸਕੂਲਾਂ ‘ਚ ਮਚਿਆ ਹੜਕੰਪ! ਪੁਲਸ ਨੇ ਵਧਾਈ ਸੁਰੱਖਿਆ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ਦੇ ਚਾਰ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਮੰਗਲਵਾਰ ਸਵੇਰੇ ਹੜਕੰਪ ਮਚ ਗਿਆ। ਧਮਕੀ ਮਿਲਣ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਟੀਮਾਂ ਨੂੰ ਮੌਕੇ ’ਤੇ ਭੇਜਿਆ। ਪੁਲਸ ਵੱਲੋਂ ਸਕੂਲ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਿਨ੍ਹਾਂ ਚਾਰ ਸਕੂਲਾਂ ਨੂੰ ਧਮਕੀ ਮਿਲਣ ਦੀ ਸੂਚਨਾ ਹੈ, ਉਨ੍ਹਾਂ ‘ਚ ਕੈਮਲ ਕਾਨਵੈਂਟ ਸਕੂਲ, ਸੈਕਟਰ-9, ਸੇਂਟ ਜੌਨਜ਼ ਹਾਈ ਸਕੂਲ, ਸੈਕਟਰ-26, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-26 ਅਤੇ ਸੇਂਟ ਸਟੀਫਨਜ਼ ਸਕੂਲ, ਸੈਕਟਰ-45 ਸ਼ਾਮਲ ਹਨ। ਧਮਕੀ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਜਾਂਚ ਸ਼ੁਰੂ ਕੀਤੀ। ਸਕੂਲਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਕੰਪਲੈਕਸ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਧਮਕੀ ਕਿਸ ਨੰਬਰ ਤੋਂ ਆਈ ਅਤੇ ਉਸ ਦੌਰਾਨ ਕਿਸ ਤਰ੍ਹਾਂ ਦੀ ਧਮਕੀ ਦਿੱਤੀ ਗਈ, ਇਸ ਬਾਰੇ ਫਿਲਹਾਲ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਵੱਲੋਂ ਧਮਕੀ ਨਾਲ ਜੁੜੇ ਤਕਨੀਕੀ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸੇ ਅਸਲ ਵਿਸਫੋਟਕ ਜਾਂ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ‘ਚ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਸਖ਼ਤ ਹਨ। ਅਜਿਹੇ ਵਿੱਚ ਚਾਰ ਸਕੂਲਾਂ ਨੂੰ ਇਕੱਠੇ ਧਮਕੀ ਮਿਲਣ ਤੋਂ ਬਾਅਦ ਪੁਲਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

