Pro-Khalistan slogans on the walls of the Indian embassy in Slovenia before August 15, MEA condemns
15 ਅਗਸਤ ਤੋਂ ਪਹਿਲਾਂ ਸਲੋਵੇਨੀਆ ’ਚ ਭਾਰਤੀ ਦੂਤਘਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ, MEA ਨੇ ਕੀਤੀ ਨਿੰਦਾ
ਲਿਊਬਲਿਆਨਾ, ਸਲੋਵੇਨੀਆ (ਆਵਾਜ਼ਿ ਕੌਮ ਬਿਊਰੋ)-ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਤੋਂ ਕੁਝ ਦਿਨ ਪਹਿਲਾਂ ਸਲੋਵੇਨੀਆ ਦੀ ਰਾਜਧਾਨੀ ਲਿਊਬਲਿਆਨਾ ਸਥਿਤ ਭਾਰਤੀ ਦੂਤਾਵਾਸ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਹਮਣੇ ਆਈਆਂ ਰਿਪੋਰਟਾਂ ਅਤੇ ਤਸਵੀਰਾਂ ਮੁਤਾਬਕ ਦੂਤਾਵਾਸ ਦੀਆਂ ਕਈ ਕੰਧਾਂ ਨੂੰ ਗ੍ਰੈਫਿਟੀ ਨਾਲ ਰੰਗਿਆ ਗਿਆ ਅਤੇ ਕੁਝ ਨਾਅਰਿਆਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ “anti-India elements” ਵੱਲੋਂ ਦੂਤਾਵਾਸ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਦੱਸਿਆ। ਮੰਤਰਾਲੇ ਨੇ ਕਿਹਾ ਕਿ Vienna Convention ਤਹਿਤ ਕੂਟਨੀਤਕ ਇਮਾਰਤਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਹੈ। ਭਾਰਤ ਸਰਕਾਰ ਨੇ ਇਹ ਮਾਮਲਾ ਸਲੋਵੇਨੀਆ ਦੇ ਅਧਿਕਾਰੀਆਂ ਕੋਲ ਲਿਊਬਲਿਆਨਾ ਅਤੇ ਨਵੀਂ ਦਿੱਲੀ ਦੋਵਾਂ ਥਾਵਾਂ ’ਤੇ ਉਠਾਇਆ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਇਸ ਘਟਨਾ ਪਿੱਛੇ ਖ਼ਾਲਿਸਤਾਨ ਪੱਖੀ ਕਾਰਕੁਨਾਂ ਦਾ ਹੱਥ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਇਸ ਕਾਰਵਾਈ ਲਈ ਕਿਸੇ ਖ਼ਾਸ ਜਥੇਬੰਦੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਕਿਸੇ ਸੰਗਠਨ ਦਾ ਨਾਮ ਲਿਆ ਗਿਆ ਹੈ। ਇਹ ਘਟਨਾ 15 ਅਗਸਤ ਦੇ ਸਮਾਗਮਾਂ ਤੋਂ ਠੀਕ ਪਹਿਲਾਂ ਵਾਪਰਨ ਕਾਰਨ ਭਾਰਤੀ ਕੂਟਨੀਤਕ ਮਿਸ਼ਨਾਂ ਦੀ ਸੁਰੱਖਿਆ ਦਾ ਮੁੱਦਾ ਮੁੜ ਚਰਚਾ ਵਿੱਚ ਆ ਗਿਆ ਹੈ। ਪਿਛਲੇ ਸਾਲਾਂ ਦੌਰਾਨ ਬਰਤਾਨੀਆ, ਅਮਰੀਕਾ ਅਤੇ ਕੈਨੇਡਾ ਵਿੱਚ ਵੀ ਭਾਰਤੀ ਕੂਟਨੀਤਕ ਮਿਸ਼ਨਾਂ ਨਾਲ ਜੁੜੀਆਂ ਖ਼ਾਲਿਸਤਾਨ ਪੱਖੀ ਵਿਰੋਧ ਕਾਰਵਾਈਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

