Tight security arrangements in Punjab! DGP Gaurav Yadav gives new orders to officers
ਪੰਜਾਬ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਨਵੇਂ ਹੁਕਮ
ਪਟਿਆਲਾ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਦੂਜੇ ਦਿਨ ਆਪਣੇ ਦੌਰੇ ਨੂੰ ਜਾਰੀ ਰੱਖਦਿਆਂ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਬੀਤੇ ਦਿਨ ਐੱਸ. ਏ. ਐੱਸ. ਨਗਰ ਅਤੇ ਪਟਿਆਲਾ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਅਤੇ ਫ਼ੀਲਡ ਅਫ਼ਸਰਾਂ ਨਾਲ ਰੇਂਜ-ਪੱਧਰੀ ਕਾਨੂੰਨ-ਵਿਵਸਥਾ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਡੀ. ਜੀ. ਪੀ. ਨੇ ਸੂਬੇ ਭਰ ‘ਚ ਖ਼ਤਰੇ ਦੀ ਸੰਭਾਵਨਾ, ਅੱਤਵਾਦ ਵਿਰੋਧੀ ਤਿਆਰੀਆਂ, ਆਜ਼ਾਦੀ ਦਿਵਸ ਨਾਲ ਸਬੰਧਤ ਜਸ਼ਨ ਵਾਲੇ ਸਥਾਨਾਂ ‘ਤੇ ਸੁਰੱਖਿਆ ਅਤੇ ਸ਼ਾਂਤੀ ਤੇ ਸਦਭਾਵਨਾ ਨੂੰ ਬਰਕਰਾਰ ਰੱਖਣ ‘ਤੇ ਜ਼ੋਰ ਦਿੰਦਿਆਂ ਅਮਲੀ ਨਿਰਦੇਸ਼ ਜਾਰੀ ਕੀਤੇ। ਐੱਸ. ਏ. ਐੱਸ. ਨਗਰ ‘ਚ ਆਪਣੇ ਦੂਜੇ ਦਿਨ ਦੇ ਦੌਰੇ ਦੀ ਸ਼ੁਰੂਆਤ ਕਰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਰੂਪਨਗਰ ਰੇਂਜ ਦੇ ਅਧਿਕਾਰੀਆਂ ਨਾਲ ਵਿਆਪਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਰੇਂਜ ’ਚ ਐੱਸ. ਏ. ਐੱਸ. ਨਗਰ, ਰੂਪਨਗਰ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਸਮੀਖਿਆ ਮੀਟਿੰਗਾਂ ‘ਚ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਚਾਹਲ, ਡੀ. ਆਈ. ਜੀ. ਰੂਪਨਗਰ ਰੇਂਜ ਨਾਨਕ ਸਿੰਘ, ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ, ਐੱਸ. ਐੱਸ. ਪੀ. ਸੰਗਰੂਰ ਡਾ. ਰਵਜੋਤ ਗਰੇਵਾਲ, ਐੱਸ. ਐੱਸ. ਪੀ. ਐੱਸ. ਏ. ਐੱਸ. ਨਗਰ ਹਰਮਨਦੀਪ ਹੰਸ, ਐੱਸ. ਐੱਸ. ਪੀ. ਫ਼ਤੇਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਐੱਸ. ਐੱਸ. ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ, ਐੱਸ. ਐੱਸ. ਪੀ. ਰੂਪਨਗਰ ਮਨਿੰਦਰ ਸਿੰਘ ਅਤੇ ਐੱਸ. ਐੱਸ. ਪੀ. ਮਾਲੇਰਕੋਟਲਾ ਗੁਰਮੀਤ ਸਿੰਘ ਸਮੇਤ ਮੁੱਖ ਅਧਿਕਾਰੀ ਹਾਜ਼ਰ ਸਨ।

