Uproar in Punjab Congress, big meeting held at Randhawa’s house
ਪੰਜਾਬ ਕਾਂਗਰਸ ‘ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਇਕ ਹੋਰ ਵੱਡੀ ਹਲਚਲ ਹੋਈ ਹੈ। ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਵਿਚ ਚਰਨਜੀਤ ਚੰਨੀ ਧੜੇ ਨਾਲ ਸੰਬੰਧਤ ਕਈ ਆਗੂ ਮੌਜੂਦ ਰਹੇ। ਸੂਤਰਾਂ ਮੁਤਾਬਕ ਬੀਤੀ ਰਾਤ ਰੰਧਾਵਾ ਦੇ ਘਰ ਹੋਈ ਬੈਠਕ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸਾਂਸਦ ਸ਼ੇਰ ਸਿੰਘ ਘੁਬਾਇਆ, ਵਿਧਾਇਕ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਮੌਜੂਦ ਰਹੇ। ਸੂਤਰਾਂ ਮੁਤਾਬਕ ਬੈਠਕ ਵਿਚ ਇਸ ਗੱਲ ‘ਤੇ ਸਹਿਮਤੀ ਬਣੀ ਕਿ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਾਈ ਕਮਾਂਡ ਤੋਂ ਸਮਾਂ ਲੈ ਕੇ ਨਾਰਾਜ਼ ਆਗੂਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣ। ਇਥੇ ਇਹ ਵੀ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਵਿਧਾਇਕਾਂ ਵੱਲੋਂ ਇਕ ਚਿੱਠੀ ਲਿਖ ਕੇ ਰਾਹੁਲ ਗਾਂਧੀ ਤੋਂ ਮੀਟਿੰਗ ਲਈ ਸਮਾਂ ਮੰਗ ਚੁੱਕੇ ਹਨ।

