Nikhil Gupta’s sentencing date changed! Know when the US court will pronounce the verdict
ਨਿਖਿਲ ਗੁਪਤਾ ਨੂੰ ਸਜ਼ਾ ਸੁਣਾਉਣ ਦੀ ਤਾਰੀਖ਼ ਬਦਲੀ ! ਜਾਣੋ US ਅਦਾਲਤ ਕਦੋਂ ਸੁਣਾਏਗੀ ਫ਼ੈਸਲਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੀ ਇੱਕ ਸੰਘੀ ਅਦਾਲਤ 20 ਨਵੰਬਰ ਨੂੰ ਨਿਖਿਲ ਗੁਪਤਾ ਨੂੰ ਸਜ਼ਾ ਸੁਣਾਏਗੀ, ਜਿਸਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਸਵੀਾਕਰ ਕੀਤਾ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਸੰਘੀ ਅਦਾਲਤ ਨੇ ਅਸਲ ਵਿੱਚ ਗੁਪਤਾ ਦੀ ਸਜ਼ਾ 25 ਸਤੰਬਰ ਲਈ ਨਿਰਧਾਰਤ ਕੀਤੀ ਸੀ, ਪਰ “ਕਤਲ ਦੀ ਸਾਜ਼ਿਸ਼ ਦੇ ਕਥਿਤ ਨਿਸ਼ਾਨੇ ‘ਤੇ ਰਹੇ ਵਿਅਕਤੀ” ਦੀ ਬੇਨਤੀ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਪੀੜਤ ਦਾ ਨਾਮ ਅਦਾਲਤੀ ਦਸਤਾਵੇਜ਼ਾਂ ਵਿੱਚ ਨਹੀਂ ਦੱਸਿਆ ਗਿਆ ਹੈ, ਪਰ ਪੰਨੂ ਦੇ ਵਕੀਲ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਕਥਿਤ ਕੰਟਰੈਕਟ ਕਿਲਿੰਗ ਵਿੱਚ ਪੰਨੂ ਨਿਸ਼ਾਨਾ ਸੀ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਇੱਕ ਪੱਤਰ ਵਿੱਚ ਵਕੀਲਾਂ ਨੇ ਕਿਹਾ ਕਿ ਅਣਪਛਾਤਾ ਪੀੜਤ “ਸਜ਼ਾ ਸੁਣਾਉਣ ਦੀ ਕਾਰਵਾਈ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ” ਅਤੇ 25 ਸਤੰਬਰ ਦੀ ਸੁਣਵਾਈ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਉਹ ਉਸ ਸਮੇਂ ਦੇਸ਼ ਤੋਂ ਬਾਹਰ ਹੋਵੇਗਾ। ਜੱਜ ਵਿਕਟਰ ਮੈਰੇਰੋ ਨੇ ਬੇਨਤੀ ਸਵੀਕਾਰ ਕਰ ਲਈ ਅਤੇ ਗੁਪਤਾ ਦੀ ਸਜ਼ਾ ਦੀ ਮਿਤੀ 20 ਨਵੰਬਰ ਸਵੇਰੇ 10 ਵਜੇ ਨਿਰਧਾਰਤ ਕੀਤੀ। ਗੁਪਤਾ ਨੇ 13 ਫਰਵਰੀ ਨੂੰ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਤਿੰਨੋਂ ਦੋਸ਼ਾਂ – ਕੰਟਰੈਕਟ ਕਿਲਿੰਗ, ਕੰਟਰੈਕਟ ਕਿਲਿੰਗ ਕਰਨ ਦੀ ਸਾਜ਼ਿਸ਼, ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਲਈ ਦੋਸ਼ ਸਵੀਕਾਰ ਕੀਤਾ ਸੀ। ਕੰਟਰੈਕਟ ਕਿਲਿੰਗ ਦੇ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ ਕੈਦ ਦੀ ਸਜ਼ਾ, ਸਾਜ਼ਿਸ਼ ਦੇ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ ਕੈਦ ਦੀ ਸਜ਼ਾ ਅਤੇ ਸਾਜ਼ਿਸ਼ ਦੇ ਦੋਸ਼ ਵਿੱਚ ਵੱਧ ਤੋਂ ਵੱਧ 20 ਸਾਲ ਕੈਦ ਦੀ ਸਜ਼ਾ ਹੈ। ਗੁਪਤਾ ਨੂੰ 30 ਜੂਨ, 2023 ਨੂੰ ਚੈੱਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਸਾਲ ਬਾਅਦ ਸੰਯੁਕਤ ਰਾਜ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ।

