Major change in Pakistani military strategy; now emphasis on conventional weapons
ਪਾਕਿਸਤਾਨੀ ਫੌਜੀ ਰਣਨੀਤੀ ‘ਚ ਵੱਡਾ ਬਦਲਾਅ ;ਹੁਣ ਰਵਾਇਤੀ ਹਥਿਆਰਾਂ ‘ਤੇ ਜ਼ੋਰ
Krachi, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੀ ਫੌਜੀ ਅਤੇ ਰਣਨੀਤਕ ਸੋਚ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇੱਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ ਪਾਕਿਸਤਾਨੀ ਹਾਕਮ ਹੁਣ ਇਹ ਮੰਨਣ ਲੱਗੇ ਹਨ ਕਿ ਪਰਮਾਣੂ ਹਥਿਆਰ ਦੇਸ਼ ਦੀ ਸੁਰੱਖਿਆ ਲਈ ‘ਪੂਰਨ ਗਾਰੰਟੀ’ ਨਹੀਂ ਹਨ। ਮਈ 2025 ਵਿੱਚ ਭਾਰਤ ਨਾਲ ਹੋਈ ਛੋਟੀ ਪਰ ਭਿਆਨਕ ਜੰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਰਮਾਣੂ ਬੰਬ ਨਾ ਤਾਂ ਹਰ ਸੰਕਟ ਨੂੰ ਰੋਕ ਸਕਦੇ ਹਨ ਅਤੇ ਨਾ ਹੀ ਦੁਸ਼ਮਣ ਨੂੰ ਹਮਲਾ ਕਰਨ ਤੋਂ ਵਰਜ ਸਕਦੇ ਹਨ। ਇਸ ਬਦਲਦੀ ਸੋਚ ਦਾ ਸਭ ਤੋਂ ਵੱਡਾ ਸਬੂਤ ਇਸ ਸਾਲ (2026) ਮਈ ਮਹੀਨੇ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਪਾਸੇ ਪਾਕਿਸਤਾਨ ਨੇ ਭਾਰਤ ਵਿਰੁੱਧ ਮਈ 2025 ਦੀ ਜੰਗ ਦੀ ਪਹਿਲੀ ਵਰ੍ਹੇਗੰਢ ਨੂੰ ‘ਮਾਰਕਾ-ਏ-ਹੱਕ’ ਵਜੋਂ ਬਹੁਤ ਧੂਮ-ਧਾਮ ਨਾਲ ਮਨਾਇਆ, ਉੱਥੇ ਹੀ 1998 ਦੇ ਪਰਮਾਣੂ ਪਰੀਖਣਾਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ‘ਯੌਮ-ਏ-ਤਕਬੀਰ’ ਬਿਨਾਂ ਕਿਸੇ ਵੱਡੇ ਜਸ਼ਨ ਦੇ ਲੰਘ ਗਿਆ। ਸਰਕਾਰੀ ਪ੍ਰਚਾਰ ਵਿੱਚ ਹੁਣ ਪਰਮਾਣੂ ਮਿਜ਼ਾਈਲਾਂ ਦੀ ਥਾਂ ਰਵਾਇਤੀ ਫੌਜੀ ਤਾਕਤ ਅਤੇ ਜੰਗ ਦੇ ਮੈਦਾਨ ਵਿੱਚ ਮਿਲੀ ਕਾਮਯਾਬੀ ਦੇ ਪੋਸਟਰ ਲਗਾਏ ਜਾ ਰਹੇ ਹਨ। ਰਿਪੋਰਟ ਅਨੁਸਾਰ ਪਾਕਿਸਤਾਨ ਹੁਣ ਪਰਮਾਣੂ ਹਥਿਆਰਾਂ ਦੀ ਬਜਾਏ ਆਪਣੀ ਰਵਾਇਤੀ ਫੌਜੀ ਸਮਰੱਥਾ ਵਧਾਉਣ ‘ਤੇ ਜ਼ੋਰ ਦੇ ਰਿਹਾ ਹੈ। ਇਸੇ ਕੜੀ ਤਹਿਤ ਪਾਕਿਸਤਾਨ ਨੇ ਇੱਕ ਨਵੀਂ ‘ਆਰਮੀ ਰਾਕੇਟ ਫੋਰਸ ਕਮਾਂਡ’ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਰੱਖਿਆ ਬਜਟ ਵਿੱਚ ਵੀ ਵਾਧਾ ਕੀਤਾ ਗਿਆ ਹੈ ਤਾਂ ਜੋ ਰਵਾਇਤੀ ਜੰਗੀ ਤਿਆਰੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਈ 2025 ਦੇ ਸੰਕਟ ਦੌਰਾਨ ਪਰਮਾਣੂ ਹਥਿਆਰ ਕੋਈ ਹੱਲ ਪੇਸ਼ ਕਰਨ ਦੀ ਬਜਾਏ ਖੁਦ ਇੱਕ ਸਮੱਸਿਆ ਬਣ ਗਏ ਸਨ। ਇਨ੍ਹਾਂ ਕਾਰਨ ਪਾਕਿਸਤਾਨ ਕੋਲ ਜਵਾਬੀ ਕਾਰਵਾਈ ਦੇ ਵਿਕਲਪ ਸੀਮਤ ਹੋ ਗਏ ਸਨ ਕਿਉਂਕਿ ਕਿਸੇ ਵੀ ਗਲਤਫਹਿਮੀ ਨਾਲ ਪਰਮਾਣੂ ਜੰਗ ਛਿੜਨ ਦਾ ਖ਼ਤਰਾ ਬਣਿਆ ਹੋਇਆ ਸੀ। ਜੰਗ ਦੇ ਅੰਤਿਮ ਪੜਾਅ ‘ਤੇ ਜਦੋਂ ਪਾਕਿਸਤਾਨ ਦੀ ‘ਨੈਸ਼ਨਲ ਕਮਾਂਡ ਅਥਾਰਟੀ’ (ਪਰਮਾਣੂ ਕੰਟਰੋਲ ਕਰਨ ਵਾਲੀ ਸੰਸਥਾ) ਦੀ ਮੀਟਿੰਗ ਬੁਲਾਉਣ ਦੀਆਂ ਖ਼ਬਰਾਂ ਆਈਆਂ, ਤਾਂ ਅੰਤਰਰਾਸ਼ਟਰੀ ਦਬਾਅ ਅਤੇ ਅਮਰੀਕਾ ਦੀ ਵਿਚੋਲਗੀ ਕਾਰਨ ਹੀ ਜੰਗਬੰਦੀ ਸੰਭਵ ਹੋ ਸਕੀ। ਮਾਹਿਰਾਂ ਅਨੁਸਾਰ, ਪਾਕਿਸਤਾਨੀ ਫੌਜ ਲਈ ਪਰਮਾਣੂ ਬੰਬ ਨਾਲੋਂ ਰਵਾਇਤੀ ਜੰਗੀ ਸਫਲਤਾ ਦਾ ਪ੍ਰਚਾਰ ਕਰਨਾ ਵਧੇਰੇ ਫਾਇਦੇਮੰਦ ਹੈ। ਪਰਮਾਣੂ ਪ੍ਰੋਗਰਾਮ ਵਿੱਚ ਵਿਗਿਆਨੀਆਂ ਅਤੇ ਸਿਵਲ ਸਰਕਾਰਾਂ ਦਾ ਵੱਡਾ ਹੱਥ ਰਿਹਾ ਹੈ, ਪਰ ਮੈਦਾਨੀ ਜੰਗ ਦੀ ਸਫਲਤਾ ਸਿੱਧੇ ਤੌਰ ‘ਤੇ ਫੌਜ ਦੀ ਕਾਬਲੀਅਤ ਨੂੰ ਦਰਸਾਉਂਦੀ ਹੈ, ਜਿਸ ਨਾਲ ਲੋਕਾਂ ਵਿੱਚ ਫੌਜ ਦਾ ਅਕਸ ਮਜ਼ਬੂਤ ਹੁੰਦਾ ਹੈ।

