Punjab Police Recruitment Fraud! Wires reach Himachal; PSEB reveals
ਪੰਜਾਬ ਪੁਲਸ ਭਰਤੀ ‘ਚ ਫਰਜ਼ੀਵਾੜਾ! ਹਿਮਾਚਲ ਤਕ ਜੁੜੇ ਤਾਰ; PSEB ਨੇ ਕੀਤਾ ਖ਼ੁਲਾਸਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ‘ਤੇ ਫਰਜ਼ੀ ਸਰਟੀਫ਼ਿਕੇਟ ਤਿਆਰ ਕਰਕੇ ਨੌਕਰੀ ਹਾਸਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਫਰਜ਼ੀ ਸਰਟੀਫ਼ਿਕੇਟ ਦੇ ਜ਼ਰੀਏ ਪੰਜਾਬ ਪੁਲਸ ਤੇ ਹਿਮਾਚਲ ਪ੍ਰਦੇਸ਼ ਦੇ ਪਸ਼ੂਪਾਲਨ ਵਿਭਾਗ ਵਿਚ ਨੌਕਰੀ ਹਾਸਲ ਕੀਤੀ ਗਈ। ਪੂਰਾ ਮਾਮਲਾ ਵੈਰੀਫ਼ਿਕੇਸ਼ਨ ਦੌਰਾਨ ਸਾਹਮਣੇ ਆਇਆ, ਜਦੋਂ ਦੋਵੇਂ ਪ੍ਰਮਾਣ ਪੱਤਰ ਫਰਜ਼ੀ ਪਾਏ ਗਏ। ਇਸ ਮਗਰੋਂ ਬੋਰਡ ਨੇ ਸਬੰਧਤ ਵਿਭਾਗਾਂ ਨੂੰ ਪੱਤਰ ਭੇਜ ਕੇ ਅੱਗੇ ਦੀ ਕਾਰਵਾਈ ਲਈ ਕਿਹਾ ਹੈ। ਮਿਲੀ ਜਾਣਕਾਰੀ ਮੁਤਾਬਕ, ਬੋਰਡ ਨੇ ਦੋਹਾਂ ਉਮੀਦਵਾਰਾਂ ਨੂੰ ਆਪਣੇ ਰਿਕਾਰਡ ਵਿਚ ਬਲੈਕਲਿਸਟ ਕਰ ਦਿੱਤਾ ਹੈ ਤੇ ਅੱਗੇ ਦੀ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਪੱਤਰ ਭੇਜਿਆ ਹੈ। ਇਸ ਸਬੰਧੀ PSEB ਵਿਚ ਹਿਮਾਚਲ ਦੇ ਨਾਹਨ ਸਥਿਤ ਡਿਪਟੀ ਡਾਇਰੈਕਟਰ, ਐਨੀਮਲ ਹਸਬੈਂਡਰੀ ਨੇ 2009 ਦਾ 12ਵੀਂ ਦਾ ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ਲਈ ਭੇਜਿਆ ਸੀ, ਜੋ ਕਰੁਣ ਕੁਮਾਰ ਦੇ ਨਾਂ ‘ਤੇ ਸੀ। ਇਸ ਸਰਟੀਫ਼ਿਕੇਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੋਪੜ ਦਾ ਜ਼ਿਕਰ ਸੀ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸਰਟੀਫ਼ਿਕੇਟ ‘ਤੇ ਦਰਜ ਰੋਲ ਨੰਬਰ ਪਟਿਆਲਾ ਜ਼ਿਲ੍ਹੇ ਦੇ ਜਗਜੀਤ ਸਿੰਘ ਨੂੰ ਜਾਰੀ ਹੋਇਆ ਸੀ, ਜੋ ਪ੍ਰੀਖਿਆ ਵਿਚ ਪਾਸ ਵੀ ਹੋਇਆ ਸੀ। ਉੱਥੇ ਹੀ ਮੁਲਜ਼ਮ ਕਰੁਣ ਕੁਮਾਰ ਦੇ ਨਾਂ ‘ਤੇ ਅਜਿਹਾ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ ਸੀ। ਜਾਂਚ ਮਗਰੋਂ ਪ੍ਰਮਾਣ ਪੱਤਰ ਫ਼ਰਜ਼ੀ ਪਾਇਆ ਗਿਆ। ਉੱਥੇ ਹੀ ਦੂਜੇ ਮਾਮਲੇ ਵਿਚ ਪੰਜਾਬ ਪੁਲਸ ਵੱਲੋਂ ਸਾਲ 2011 ਵਿਚ 12ਵੀਂ ਜਮਾਤ ਦਾ ਰਾਜਬੀਰ ਸਿੰਘ ਨਾਂ ‘ਤੇ ਜਾਰੀ ਇਕ ਸਰਟੀਫ਼ਿਕੇਟ ਜਾਂਚ ਲਈ ਭੇਜਿਆ ਗਿਆ ਸੀ। ਇਸ ਵਿਚ ਵੀ ਦਰਜ ਰੋਲ ਨੰਬਰ ਬੋਰਡ ਦੇ ਰਿਕਾਰਡ ਵਿਚ ਜਾਰੀ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੇਰਵੇ ਵੀ ਰਿਕਾਰਡ ਵਿਚ ਅਸਲੀ ਨਹੀਂ ਪਾਏ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਬੋਰਡ ਨੇ ਇਨ੍ਹਾਂ ਨੂੰ ਫਰਜ਼ੀ ਐਲਾਨ ਕੇ ਸਰਟੀਫ਼ਿਕੇਟ ਜ਼ਬਤ ਕਰ ਲਏ ਹਨ। ਬੋਰਡ ਦਾ ਕਹਿਣਾ ਹੈ ਕਿ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਹਰ ਮਹੀਨੇ ਵਿਚ ਤਕਰੀਬਨ 2 ਹਜ਼ਾਰ ਤੋਂ ਵੱਧ ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ਲਈ ਆਉਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਫਰਜ਼ੀ ਪਾਏ ਜਾਂਦੇ ਹਨ। ਅਜਿਹੇ ਵਿਚ ਸਬੰਧਤ ਉਮੀਦਵਾਰਾਂ ਨੂੰ ਰਿਕਾਰਡ ਵਿਚ ਬਲੈਕਲਿਸਟ ਕਰ ਦਿੱਤਾ ਜਾਂਦਾ ਹੈ।

