Arshdeep Singh increased the pride of the nation on foreign soil, created new history by becoming a fighter pilot in the RAF
ਅਰਸ਼ਦੀਪ ਸਿੰਘ ਨੇ ਵਿਦੇਸ਼ੀ ਧਰਤੀ ‘ਤੇ ਵਧਾਇਆ ਕੌਮ ਦਾ ਮਾਣ, RAF ‘ਚ ਫਾਈਟਰ ਪਾਇਲਟ ਬਣ ਰਚਿਆ ਨਵਾਂ ਇਤਿਹਾਸ
ਲੰਡਨ (ਆਵਾਜ਼ਿ ਕੌਮ ਬਿਊਰੋ)- ਭਾਰਤੀ ਮੂਲ ਦੇ ਇੱਕ 28 ਸਾਲਾ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟੇਨ ਦੀ ਰਾਇਲ ਏਅਰ ਫੋਰਸ (RAF) ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਦੂਜੀ ਸੰਸਾਰ ਜੰਗ ਤੋਂ ਬਾਅਦ RAF ਵਿੱਚ ਬਤੌਰ ਫਾਈਟਰ ਪਾਇਲਟ ਗ੍ਰੈਜੂਏਟ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਰਾਇਲ ਏਅਰ ਫੋਰਸ ਮੁਤਾਬਕ, ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਿੱਖ ਨੇ ਫਾਈਟਰ ਸਕੁਐਡਰਨ ਤੋਂ ‘ਵਿੰਗਜ਼’ ਦੀ ਯੋਗਤਾ ਹਾਸਲ ਕੀਤੀ ਹੈ। ਅਰਸ਼ਦੀਪ ਸਿੰਘ ਦੀ ਗ੍ਰੈਜੂਏਸ਼ਨ ਦਾ ਸ਼ਾਨਦਾਰ ਸਮਾਰੋਹ ਸ਼ੁੱਕਰਵਾਰ, 14 ਅਗਸਤ ਨੂੰ ਉੱਤਰੀ ਵੇਲਜ਼ ਦੇ RAF ਵੈਲੀ ਵਿਖੇ ਆਯੋਜਿਤ ਕੀਤਾ ਗਿਆ ਸੀ। ਉਹ ਪਹਿਲੇ ਸਿੱਖ ਸਿਖਲਾਈ ਲੈਣ ਵਾਲੇ ਪਾਇਲਟ ਸਨ ਜਿਨ੍ਹਾਂ ਨੇ ਯੂਕੇ ਮਿਲਟਰੀ ਫਲਾਇੰਗ ਟ੍ਰੇਨਿੰਗ ਸਿਸਟਮ ਦੇ ਤਹਿਤ ‘4 ਫਲਾਇੰਗ ਟ੍ਰੇਨਿੰਗ ਸਕੂਲ’ ਵਿੱਚ ਟੈਕਸਨ (Texan) ਜਹਾਜ਼ ‘ਤੇ ਆਪਣੀ ਸਿਖਲਾਈ ਪੂਰੀ ਕੀਤੀ। ਉਨ੍ਹਾਂ ਦੀ ਚੋਣ 2024 ਵਿੱਚ ਫਾਸਟ ਜੈੱਟ ਸਟ੍ਰੀਮ ਲਈ ਕੀਤੀ ਗਈ ਸੀ ਅਤੇ ਜੁਲਾਈ 2026 ਵਿੱਚ ਉਨ੍ਹਾਂ ਨੇ ਸਫਲਤਾਪੂਰਵਕ ਆਪਣਾ ਵਿੰਗਜ਼ ਟੈਸਟ ਪਾਸ ਕੀਤਾ। ਅਰਸ਼ਦੀਪ ਸਿੰਘ 1998 ਵਿੱਚ ਸਿਰਫ਼ ਛੇ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਯੂਕੇ ਚਲੇ ਗਏ ਸਨ। ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਪਾਇਲਟ ਬਣੇ, ਪਰ ਸਾਧਨਾਂ ਦੀ ਘਾਟ ਕਾਰਨ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ ਸੀ। ਅੱਜ ਅਰਸ਼ਦੀਪ ਨੇ ਆਪਣੇ ਦਾਦਾ ਜੀ ਦੀ ਉਸ ਇੱਛਾ ਨੂੰ ਪੂਰਾ ਕਰਕੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਗਣਿਤ ਅਤੇ ਫਿਲਾਸਫੀ ਦੀ ਪੜ੍ਹਾਈ ਕੀਤੀ ਅਤੇ ਫਰਵਰੀ 2022 ਵਿੱਚ ਅਫਸਰ ਟ੍ਰੇਨਿੰਗ ਸ਼ੁਰੂ ਕੀਤੀ ਸੀ। ਆਪਣੀ ਇਸ ਇਤਿਹਾਸਕ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਅਰਸ਼ਦੀਪ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਦੂਜੀ ਸੰਸਾਰ ਜੰਗ ਤੋਂ ਬਾਅਦ ਅਜਿਹਾ ਕਰਨ ਵਾਲੇ ਪਹਿਲੇ ਸਿੱਖ ਹਨ, ਪਰ ਉਹ ਚਾਹੁੰਦੇ ਹਨ ਕਿ ਉਹ ਆਖਰੀ ਨਾ ਹੋਣ ਅਤੇ ਹੋਰ ਸਿੱਖ ਨੌਜਵਾਨ ਵੀ ਇਸ ਖੇਤਰ ਵਿੱਚ ਅੱਗੇ ਆਉਣ। ਉਨ੍ਹਾਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਸਿੱਖੀ ਪਰਵਰਿਸ਼ ਨੂੰ ਦਿੱਤਾ ਹੈ।

