Attack on ship passing through Hormuz! Fire breaks out in engine room, 1 crew member killed
ਹੋਰਮੁਜ਼ ‘ਚੋਂ ਲੰਘ ਰਹੇ ਜਹਾਜ਼ ‘ਤੇ ਹੋ ਗਿਆ ਹਮਲਾ ! ਇੰਜਣ ਰੂਮ ‘ਚ ਲੱਗੀ ਅੱਗ, 1 ਕ੍ਰੂ ਮੈਂਬਰ ਦੀ ਗਈ ਜਾਨ
Tehran, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਜਾਰੀ ਤਣਾਅ ਵਿਚਾਲੇ ਹੋਰਮੁਜ਼ ਪਾਰ ਕਰ ਰਹੇ ਇਕ ਹੋਰ ਵਪਾਰਕ ਜਹਾਜ਼ ‘ਤੇ ਹਵਾਈ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਮਲੇ ‘ਚ ਜਹਾਜ਼ ਦੇ ਇੰਜਣ ਰੂਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਇੱਕ ਕ੍ਰੂ ਮੈਂਬਰ ਦੀ ਮੌਤ ਦੀ ਪੁਸ਼ਟੀ ਹੋਈ ਹੈ। ਯੂ.ਕੇ. ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ (UKMTO) ਮੁਤਾਬਕ, ਜਹਾਜ਼ ਦੇ ਕੰਪਨੀ ਸੁਰੱਖਿਆ ਅਧਿਕਾਰੀ ਨੇ ਯੂ.ਟੀ.ਸੀ. (UTC) ਸਮੇਂ ਅਨੁਸਾਰ ਤੜਕੇ 01:35 ਵਜੇ ਇਸ ਹਾਦਸੇ ਦੀ ਰਿਪੋਰਟ ਦਿੱਤੀ। ਹਮਲੇ ਤੋਂ ਬਾਅਦ ਜਹਾਜ਼ ਦੇ ਬਾਕੀ ਬਚੇ ਕ੍ਰੂ ਮੈਂਬਰਾਂ ਨੂੰ ਓਮਾਨ ਦੇ ਕੋਸਟ ਗਾਰਡ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹਾਲੇ ਤੱਕ ਕਿਸੇ ਕਿਸਮ ਦੇ ਤੇਲ ਲੀਕੇਜ ਜਾਂ ਵਾਤਾਵਰਣ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ ਹੈ। ਸਮੁੰਦਰੀ ਅਧਿਕਾਰੀ ਹਮਲੇ ਦੀ ਜਾਂਚ ਕਰ ਰਹੇ ਹਨ ਅਤੇ ਖੇਤਰ ‘ਚੋਂ ਲੰਘਣ ਵਾਲੇ ਬਾਕੀ ਜਹਾਜ਼ਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਹੋਇਆ 60 ਦਿਨਾਂ ਦਾ ਅੰਤਰਿਮ ਸਮਝੌਤਾ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ ਹੈ। ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ‘ਤੇ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਇਹ ਸਮਝੌਤਾ ਰੱਦ ਹੋ ਗਿਆ, ਜਿਸ ਨਾਲ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਕਾਫੀ ਹੱਦ ਤੱਕ ਠੱਪ ਹੋ ਗਈ ਹੈ। ਹੋਰਮੁਜ਼ ਦੀ ਖਾੜੀ ‘ਚ ਵਧਦੇ ਤਣਾਅ ਅਤੇ ਸਪਲਾਈ ‘ਚ ਰੁਕਾਵਟ ਦੇ ਖਦਸ਼ੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਤਾਜ਼ਾ ਹਮਲੇ ਦੀ ਖ਼ਬਰ ਆਉਂਦਿਆਂ ਹੀ ‘ਬ੍ਰੈਂਟ ਕਰੂਡ’ ਦੀ ਕੀਮਤ ਉੱਛਲ ਕੇ 89.40 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ, ਜਿਸ ਮਗਰੋਂ ਇਲਾਕੇ ‘ਚ ਤਣਾਅ ਹੋਰ ਵਧਣ ਤੇ ਕੀਮਤਾਂ ‘ਚ ਇਜ਼ਾਫਾ ਹੋਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

