Chemical used to preserve dead bodies is now on your plate! Alarming report revealed
ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ ‘ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਦਿਖਾਉਣ ਅਤੇ ਉਨ੍ਹਾਂ ਦੀ ਸਟੋਰੇਜ ਲਾਈਫ਼ ਵਧਾਉਣ ਲਈ ਫੋਰਮੇਲਿਨ ਵਰਗੇ ਗ਼ੈਰ-ਮਨਜ਼ੂਰ ਰਸਾਇਣਾਂ ਦੀ ਵਰਤੋਂ ਦਾ ਮਾਮਲਾ ਲੋਕਾਂ ਦੀ ਸਿਹਤ ਨਾਲ ਜੁੜਿਆ ਬੇਹੱਦ ਗੰਭੀਰ ਮੁੱਦਾ ਹੈ। ਫੋਰਮੇਲਿਨ ਅਸਲ ਵਿਚ ਪਾਣੀ ਵਿਚ ਘੁਲਿਆ ਹੋਇਆ ਫ਼ਾਰਮਲਡੀਹਾਈਡ ਹੁੰਦਾ ਹੈ ਅਤੇ ਇਸ ਦੀ ਵਰਤੋਂ ਲੈਬੋਰਟਰੀਆਂ ਅਤੇ ਮ੍ਰਿਤਕ ਦੇਹਾਂ, ਜੈਵਿਕ ਨਮੂਨਿਆਂ ਨੂੰ ਸੰਭਾਲਣ ਵਰਗੇ ਕੰਮਾਂ ਲਈ ਵੀ ਕੀਤੀ ਜਾਂਦੀ ਰਹੀ ਹੈ। ਅਜਿਹੇ ਰਸਾਇਣ ਨੂੰ ਹੁਣ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਕ੍ਰਿਤ੍ਰਿਮ ਤੌਰ ’ਤੇ ਤਾਜ਼ਾ ਰੱਖਣ ਲਈ ਵਰਤੋਂ ਵਿਚ ਲਿਆਉਣਾ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜਲਦੀ ਖ਼ਰਾਬ ਹੋਣ ਵਾਲੇ ਖਾਣ-ਪੀਣ ਵਾਲੇ ਪਦਾਰਥਾਂ ਅਤੇ ਦੁੱਧ ਸਣੇ ਹੋਰ ਵਸਤੂਆਂ ਨੂੰ ਅੱਜ-ਕੱਲ ਵੱਖ-ਵੱਖ ਫੂਡ ਬਿਜ਼ਨਸ ਆਪ੍ਰੇਟਰਾਂ ਵੱਲੋਂ ਕਥਿਤ ਤੌਰ ਉੱਪਰ ਫੋਰਮੇਲਿਨ ਦੀ ਵਰਤੋਂ ਕਰਨ ਦੇ ਸੰਕੇਤ ਪ੍ਰਾਪਤ ਹੋਣ ਲੱਗ ਪਏ ਹਨ। ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵੱਲੋਂ ਵੀ ਮੱਛੀ ਵਿਚ ਫੋਰਮੇਲਿਨ ਦੀ ਮਿਲਾਵਟ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਵੇਖਣ ਵਿੱਚ ਮਿਲਿਆ ਹੈ ਕਿ ਕੁਝ ਵਪਾਰੀਆਂ ਜਾਂ ਸਪਲਾਇਰਾਂ ਵੱਲੋਂ ਤਾਜ਼ੀ ਜਾਂ ਠੰਢੀ ਰੱਖੀ ਮੱਛੀ ਦੀ ਸਟੋਰੇਜ ਲਾਈਫ਼ ਵਧਾਉਣ ਅਤੇ ਉਸ ਦੀ ਦਿੱਖ ਤੇ ਤਾਜ਼ਗੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਫੋਰਮੇਲਿਨ ਦੀ ਗ਼ਲਤ ਵਰਤੋਂ ਕੀਤੀ ਜਾਣੀ ਸਾਹਮਣੇ ਆਈ ਹੈ। ਅਜਿਹੇ ਮਾਮਲਿਆਂ ਵਿਚ ਤਾਜ਼ਾ ਵੇਚੀ ਜਾ ਰਹੀ ਮੱਛੀ, ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਖੇਪਾਂ ਅਤੇ ਟਰਾਂਸਪੋਰਟ ਦੌਰਾਨ ਵਰਤੀ ਜਾਣ ਵਾਲੀ ਬਰਫ਼ ਤੱਕ ਦੀ ਜਾਂਚ ਦੀ ਲੋੜ ਬਣਦੀ ਹੈ। ਮੱਛੀ, ਮੀਟ ਅਤੇ ਦੁੱਧ ਸਮੇਤ ਹੋਰ ਜਲਦੀ ਖ਼ਰਾਬ ਹੋਣ ਵਾਲੇ ਖਾਧ ਪਦਾਰਥਾਂ ਦੀ ਸਹੀ ਸੰਭਾਲ ਲਈ ਕੋਲਡ ਚੇਨ, ਸਾਫ਼ ਬਰਫ਼, ਨਿਯੰਤਰਿਤ ਤਾਪਮਾਨ ਅਤੇ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ। ਜੇਕਰ ਸਹੀ ਕੋਲਡ ਚੇਨ ਕਾਇਮ ਨਾ ਰਹੇ ਤਾਂ ਮੱਛੀ ਵਰਗੀਆਂ ਵਸਤੂਆਂ ਤੇਜ਼ੀ ਨਾਲ ਖ਼ਰਾਬ ਹੋ ਸਕਦੀਆਂ ਹਨ। ਇਸੇ ਕਾਰਨ ਗ਼ਲਤ ਤਰੀਕੇ ਅਪਣਾਉਣ ਵਾਲੇ ਕੁਝ ਕਾਰੋਬਾਰੀ ਆਰਥਿਕ ਨੁਕਸਾਨ ਤੋਂ ਬਚਣ, ਪੁਰਾਣੇ ਮਾਲ ਨੂੰ ਤਾਜ਼ਾ ਦਿਖਾਉਣ ਅਤੇ ਵਿਕਰੀ ਦਾ ਸਮਾਂ ਵਧਾਉਣ ਲਈ ਫੋਰਮੇਲਿਨ ਵਰਗੀ ਰਸਾਇਣਕ ਮਿਲਾਵਟ ਦਾ ਸਹਾਰਾ ਲੈ ਸਕਦੇ ਹਨ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਅਤੇ ਦਿਲ, ਸ਼ੂਗਰ ਰੋਗਾਂ ਦੇ ਮਾਹਿਰ ਡਾਕਟਰ ਸ਼ਮਸ਼ੇਰ ਸਿੰਘ ਨੇ ਆਪਣੀ ਕਲੀਨਿਕ ਨਜ਼ਦੀਕ ਵਾਸੀ ਮੈਡੀਕਲ ਸਟੋਰ ਵਿਖੇ ਦੱਸਿਆ ਕਿ ਫੋਰਮੇਲਿਨ ਮਿਲੀ ਮੱਛੀ ਖਾਣ ਨਾਲ ਪੇਟ ਵਿਚ ਤਕਲੀਫ਼, ਉਲਟੀਆਂ ਅਤੇ ਗੁਰਦਿਆਂ ਨੂੰ ਨੁਕਸਾਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਫ਼ਾਰਮਲਡੀਹਾਈਡ ਨਾਲ ਸੰਪਰਕ ਅੱਖਾਂ, ਨੱਕ, ਗਲੇ ਅਤੇ ਸਾਹ ਪ੍ਰਣਾਲੀ ਵਿਚ ਜਲਣ ਦਾ ਕਾਰਨ ਵੀ ਬਣ ਸਕਦਾ ਹੈ। ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਫ਼ਾਰਮਲਡੀਹਾਈਡ ਸਬੰਧੀ ਲੰਬੇ ਸਮੇਂ ਜਾਂ ਵੱਧ ਪੱਧਰ ਦੇ ਐਕਸਪੋਜ਼ਰ ਨੂੰ ਸਿਹਤ ਵਿਗਿਆਨ ਵਿੱਚ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਲਈ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਰਸਾਇਣ ਨਾਲ ਖਾਣ ਵਾਲੀ ਵਸਤੂ ਨੂੰ ਕਈ ਦਿਨ ਤੱਕ “ਤਾਜ਼ਾ” ਦਿਖਾਉਣਾ ਉਸ ਨੂੰ ਸੁਰੱਖਿਅਤ ਨਹੀਂ ਬਣਾ ਦਿੰਦਾ। ਖਾਣੇ ਦੀ ਅਸਲੀ ਸੁਰੱਖਿਆ ਸਹੀ ਤਾਪਮਾਨ, ਸਫ਼ਾਈ, ਕੋਲਡ ਚੇਨ ਅਤੇ ਮਨਜ਼ੂਰਸ਼ੁਦਾ ਫੂਡ-ਸੇਫ਼ਟੀ ਪ੍ਰਕਿਰਿਆਵਾਂ ਨਾਲ ਹੀ ਯਕੀਨੀ ਬਣਾਈ ਜਾ ਸਕਦੀ ਹੈ। ਇਸ ਗੰਭੀਰ ਮੁੱਦੇ ਨੂੰ ਵੇਖਦਿਆਂ ਫੂਡ ਸੇਫ਼ਟੀ ਵਿਭਾਗ ਨੂੰ ਮੱਛੀ ਮੰਡੀਆਂ, ਥੋਕ ਵਿਕਰੇਤਾਵਾਂ, ਕੋਲਡ ਸਟੋਰਾਂ, ਮੀਟ-ਮੱਛੀ ਦੀਆਂ ਦੁਕਾਨਾਂ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਖੇਪਾਂ ਦੀ ਅਚਨਚੇਤ ਜਾਂਚ ਵਧਾਉਣ ਦੀ ਲੋੜ ਹੈ। ਸ਼ੱਕੀ ਨਮੂਨੇ ਲੈ ਕੇ ਮਾਨਤਾ ਪ੍ਰਾਪਤ ਲੈਬੋਰਟਰੀਆਂ ਵਿਚ ਭੇਜੇ ਜਾਣ ਅਤੇ ਨਿਯਮਾਂ ਦੀ ਉਲੰਘਣਾ ਸਾਬਤ ਹੋਣ ’ਤੇ ਫੂਡ ਸੇਫ਼ਟੀ ਕਾਨੂੰਨ ਅਧੀਨ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿਰਫ਼ ਤਿਉਹਾਰਾਂ ਜਾਂ ਵਿਸ਼ੇਸ਼ ਮੁਹਿੰਮਾਂ ਦੌਰਾਨ ਸੈਂਪਲ ਭਰਨ ਦੀ ਬਜਾਏ ਸਾਲ ਭਰ ਨਿਯਮਤ ਨਿਗਰਾਨੀ ਦੀ ਲੋੜ ਹੈ। ਨਾਲ ਹੀ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਮੱਛੀ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲਾ ਖਾਣਾ ਕਿਸ ਤਾਪਮਾਨ ’ਤੇ ਲਿਆਂਦਾ ਜਾ ਰਿਹਾ ਹੈ, ਬਰਫ਼ ਸਾਫ਼ ਅਤੇ ਸੁਰੱਖਿਅਤ ਹੈ ਜਾਂ ਨਹੀਂ ਅਤੇ ਕੋਲਡ ਚੇਨ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ। ਲੋਕਾਂ ਨੂੰ ਬਹੁਤ ਪੁਰਾਣੀ ਦਿਖ ਰਹੀ, ਅਸਧਾਰਨ ਗੰਧ ਵਾਲੀ ਜਾਂ ਸ਼ੱਕੀ ਮੱਛੀ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੀਆਂ ਵਸਤੂਆਂ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿਰਫ਼ ਚਮਕਦਾਰ ਜਾਂ ਤਾਜ਼ਾ ਦਿੱਖ ਨੂੰ ਗੁਣਵੱਤਾ ਦਾ ਸਬੂਤ ਨਾ ਮੰਨਿਆ ਜਾਵੇ। ਸ਼ੱਕ ਹੋਣ ’ਤੇ ਸਬੰਧਤ ਫੂਡ ਸੇਫ਼ਟੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ। ਲੋਕਾਂ ਦੀ ਥਾਲੀ ਤੱਕ ਪਹੁੰਚਣ ਵਾਲੇ ਭੋਜਨ ਦੀ ਸੁਰੱਖਿਆ ਸਿੱਧੇ ਤੌਰ ’ਤੇ ਜਨ ਸਿਹਤ ਨਾਲ ਜੁੜੀ ਹੋਈ ਹੈ। ਇਸ ਲਈ ਫੋਰਮੇਲਿਨ ਜਾਂ ਕਿਸੇ ਹੋਰ ਗ਼ੈਰ-ਮਨਜ਼ੂਰ ਰਸਾਇਣ ਦੀ ਵਰਤੋਂ ਦਾ ਸ਼ੱਕ ਸਾਹਮਣੇ ਆਉਣ ’ਤੇ ਸੈਂਪਲਿੰਗ, ਲੈਬ ਟੈਸਟਿੰਗ ਅਤੇ ਕਾਨੂੰਨੀ ਕਾਰਵਾਈ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ। ਫੋਰਮੇਲਿਨ ਜਾਂ ਹੋਰ ਗ਼ੈਰ-ਮਨਜ਼ੂਰ ਰਸਾਇਣਾਂ ਦੀ ਮਿਲਾਵਟ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਬੇਹੱਦ ਜ਼ਰੂਰੀ ਹੈ। ਬਾਜ਼ਾਰ ਵਿਚ ਵਿਕਣ ਵਾਲੇ ਦੁੱਧ, ਪੱਕੇ ਛੋਲੇ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੇ ਤਿਆਰ ਖਾਧ ਪਦਾਰਥਾਂ ਨੂੰ ਅਸਧਾਰਨ ਤੌਰ ’ਤੇ ਲੰਬੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾਉਣ ਲਈ ਜੇਕਰ ਕਿਸੇ ਗ਼ੈਰ-ਮਨਜ਼ੂਰ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਲੋਕਾਂ ਦੀ ਸਿਹਤ ਨਾਲ ਗੰਭੀਰ ਖਿਲਵਾੜ ਹੈ। ਹਾਲਾਂਕਿ ਕਿਸੇ ਖ਼ਾਸ ਵਸਤੂ ਵਿਚ ਫੋਰਮੇਲਿਨ ਹੋਣ ਦੀ ਪੁਸ਼ਟੀ ਸਿਰਫ਼ ਅਧਿਕਾਰਤ ਸੈਂਪਲਿੰਗ ਅਤੇ ਲੈਬ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਖ਼ਾਸ ਕਰ ਕੇ ਗਰਮੀ ਦੇ ਮੌਸਮ ਵਿਚ ਦੁੱਧ ਅਤੇ ਪੱਕਿਆ ਹੋਇਆ ਭੋਜਨ ਸਹੀ ਤਾਪਮਾਨ ’ਤੇ ਨਾ ਰੱਖਿਆ ਜਾਵੇ ਤਾਂ ਜਲਦੀ ਖ਼ਰਾਬ ਹੋ ਸਕਦਾ ਹੈ। ਇਸ ਲਈ ਫੂਡ ਸੇਫ਼ਟੀ ਵਿਭਾਗ ਨੂੰ ਦੁੱਧ ਵਿਕਰੇਤਾਵਾਂ, ਡੇਅਰੀਆਂ, ਢਾਬਿਆਂ, ਰੇਹੜੀਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਪੱਕੇ ਛੋਲੇ ਸਮੇਤ ਤਿਆਰ ਭੋਜਨ ਵੇਚਣ ਵਾਲੀਆਂ ਦੁਕਾਨਾਂ ਤੋਂ ਸਮੇਂ-ਸਮੇਂ ’ਤੇ ਸੈਂਪਲ ਲੈਣੇ ਚਾਹੀਦੇ ਹਨ। ਖਪਤਕਾਰਾਂ ਨੂੰ ਵੀ ਅਜਿਹੇ ਖਾਣੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਜੋ ਬਿਨਾਂ ਢੁੱਕਵੀਂ ਰੈਫ਼੍ਰਿਜਰੇਸ਼ਨ ਦੇ ਲੰਬੇ ਸਮੇਂ ਤੋਂ ਪਿਆ ਹੋਣ ਦੇ ਬਾਵਜੂਦ ਅਸਧਾਰਨ ਤੌਰ ’ਤੇ ਤਾਜ਼ਾ ਦਿਖਾਈ ਦੇਵੇ, ਜਿਸ ਦੀ ਗੰਧ ਜਾਂ ਸੁਆਦ ਅਜੀਬ ਹੋਵੇ ਜਾਂ ਜਿਸ ਦੀ ਸਟੋਰੇਜ ਬਾਰੇ ਸ਼ੱਕ ਪੈਦਾ ਹੋਵੇ। ਅਜਿਹੀ ਸਥਿਤੀ ਵਿਚ ਖਾਣਾ ਵਰਤਣ ਦੀ ਬਜਾਏ ਫੂਡ ਸੇਫ਼ਟੀ ਵਿਭਾਗ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਹਤ ਅਫ਼ਸਰ ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਉੱਪਰ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਦੇ ਹੋਏ ਸੈਂਪਲ ਲੈਬੋਰਟਰੀ ਵਿਚ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫੋਰਮੇਲਿਨ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਸ਼ਿਕਾਇਤ ਮਿਲਣ ਦੌਰਾਨ ਜ਼ਰੂਰ ਕੀਤੀ ਜਾਵੇਗੀ।

