Increased burden on the pockets of Punjabis wishing to go to Canada! New rule implemented from September 1
ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਜੇਬ ‘ਤੇ ਵਧਿਆ ਬੋਝ ! 1 ਸਤੰਬਰ ਤੋਂ ਨਵਾਂ ਨਿਯਮ ਲਾਗੂ
Toranto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ‘ਤੇ ਆਰਥਿਕ ਬੋਝ ਵਧ ਗਿਆ ਹੈ। ਸਰਕਾਰ ਦੇ ਨਵੇਂ ਐਲਾਨ ਮੁਤਾਬਕ 1 ਸਤੰਬਰ ਤੋਂ ਲਾਜ਼ਮੀ ਸਿਹਤ ਬੀਮੇ ਲਈ ਵਿਦਿਆਰਥੀਆਂ ਨੂੰ 20 ਫ਼ੀਸਦੀ ਵਾਧੂ ਰਕਮ ਅਦਾ ਕਰਨੀ ਹੋਵੇਗੀ। ਇੱਥੇ ਦੱਸ ਦਈਏ ਕਿ ਓਨਟਾਰੀਓ ਵਿਚ ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲਾਨ ਦਾ ਖ਼ਰਚਾ 792 ਡਾਲਰ ਤੋਂ ਵਧ ਕੇ 948 ਡਾਲਰ ਹੋ ਗਿਆ ਹੈ। ਜੇਕਰ ਕੋਈ ਵਿਦਿਆਰਥੀ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ, ਤਾਂ ਤਿੰਨ ਮੈਂਬਰਾਂ ਦੇ ਪਰਿਵਾਰ ਲਈ ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲਾਨ (UHIP) ਦਾ ਪ੍ਰੀਮੀਅਮ 469 ਡਾਲਰ ਵਧਾਇਆ ਗਿਆ ਹੈ। ਇਸ ਵਾਧੇ ਨਾਲ ਸਾਲਾਨਾ ਫੀਸ 2,376 ਡਾਲਰ ਤੋਂ ਵਧ ਕੇ 2,845 ਡਾਲਰ ਹੋ ਜਾਵੇਗੀ, ਜੋ ਕਿ 1 ਸਤੰਬਰ 2026 ਤੋਂ 31 ਅਗਸਤ 2027 ਦੇ ਪਾਲਿਸੀ ਸਾਲ ਲਈ ਲਾਗੂ ਹੋਵੇਗੀ। ਅਗਲੇ ਸਾਲ ਇਨ੍ਹਾਂ ਦਰਾਂ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਸਰਕਾਰੀ ਸਹਾਇਤਾ ਨਾਲ ਚਲਦੀਆਂ 22 ਯੂਨੀਵਰਸਿਟੀਜ਼ ਵਿਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਤੋਂ ਟਿਊਸ਼ਨ ਫ਼ੀਸ ਦੇ ਨਾਲ ਹੀ ਸਿਹਤ ਬੀਮੇ ਦੀ ਰਕਮ ਵਸੂਲ ਕਰ ਲਈ ਜਾਂਦੀ ਹੈ।’ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਯੂਨੀਵਰਸਿਟੀ ਆਫ਼ ਟੋਰਾਂਟੋ, ਯੂਨੀਵਰਸਿਟੀ ਆਫ਼ ਵਾਟਰਲੂ, ਮੈਕਮਾਸਟਰ ਯੂਨੀਵਰਸਿਟੀ, ਯਾਰਕ ਯੂਨੀਵਰਸਿਟੀ, ਕੁਈਨਜ਼ ਯੂਨੀਵਰਸਿਟੀ ਅਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਰਗੇ ਵੱਡੇ ਨਾਮ ਸ਼ਾਮਲ ਹਨ। ਸੀ.ਆਈ.ਸੀ. ਨਿਊਜ਼’ ਦੀ ਰਿਪੋਰਟ ਮੁਤਾਬਕ ਇਹ ਬਦਲਾਅ ਨਵੇਂ ਅਕਾਦਮਿਕ ਸਾਲ ਮਤਲਬ 1 ਸਤੰਬਰ ਤੋਂ ਲਾਗੂ ਹੋ ਰਿਹਾ ਹੈ। ਸਿਰਫ਼ ਉਹ ਵਿਦਿਆਰਥੀ ਯੂਨੀਵਰਸਿਟੀ ਸਿਹਤ ਬੀਮੇ ਤੋਂ ਬਾਹਰ ਰਹਿ ਸਕਦੇ ਹਨ ਜਿਨ੍ਹਾਂ ਕੋਲ ਓਨਟਾਰੀਓ ਹੈਲਥ ਇੰਸ਼ੋਰੈਂਸ ਪਲਾਨ ਮੌਜੂਦ ਹੋਵੇ ਜਾਂ ਉਹ ਕਿਸੇ ਹੋਰ ਅਗਾਉੂਂ ਪ੍ਰਵਾਨਤ ਯੋਜਨਾ ਦੇ ਘੇਰੇ ਵਿਚ ਆਉਂਦੇ ਹੋਣ। ਓਨਟਾਰੀਓ ਵਿਚ ਵਿਦੇਸ਼ੀ ਨਾਗਰਿਕ ਸਰਕਾਰੀ ਸਿਹਤ ਬੀਮੇ ਦੇ ਘੇਰੇ ਵਿਚ ਨਹੀਂ ਆਉਂਦੇ, ਜਿਸ ਦੇ ਮੱਦੇਨਜ਼ਰ ਕੌਮਾਂਤਰੀ ਵਿਦਿਆਰਥੀਆਂ ਲਈ ਵਿਦਿਅਕ ਅਦਾਰੇ ਵਾਲੀ ਯੋਜਨਾ ਲਾਜ਼ਮੀ ਹੋ ਜਾਂਦੀ ਹੈ। ਓਨਟਾਰੀਓ ਦੇ ਉਲਟ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਰਾਜਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਸਰਕਾਰੀ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ। ਬੀਮੇ ਦੀ ਮਿਆਦ ਉਸੇ ਦਿਨ ਸ਼ੁਰੂ ਹੋ ਜਾਂਦੀ ਹੈ ਜਦੋਂ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਧਰਤੀ ’ਤੇ ਕਦਮ ਰਖਦਾ ਹੈ। ਯੂਨੀਵਰਸਿਟੀ ਹੈਲਥ ਇੰਸ਼ੋਰੈਂਸ ਪਲਾਨ ਤਹਿਤ ਸਾਲਾਨਾ ਆਧਾਰ ’ਤੇ ਵੱਧ ਤੋਂ ਵੱਧ 10 ਲੱਖ ਕੈਨੇਡੀਅਨ ਡਾਲਰ ਦੀ ਕਵਰੇਜ ਮੁਹੱਈਆ ਕਰਵਾਈ ਜਾਂਦੀ ਹੈ। ਬੀਮਾ ਹੋਣ ਦੀ ਸੂਰਤ ਵਿਚ ਕੌਮਾਂਤਰੀ ਵਿਦਿਆਰਥੀ ਐਮਰਜੈਂਸੀ ਰੂਮ ਜਾ ਸਕਦੇ ਹਨ, ਟੈਸਟ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਰਜਰੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ। ਕੁਝ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਗਰੁੱਪ ਹੈਲਥ ਇੰਸ਼ੋਰੈਂਸ ਦੀ ਚੋਣ ਕੀਤੀ ਜਾਂਦੀ ਹੈ ਜਿਸ ਵਿਚ ਯੂ.ਐਚ.ਆਈ.ਪੀ. ਤੋਂ ਵੱਧ ਸਹੂਲਤਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਡੈਂਟਲ ਕੇਅਰ, ਅੱਖਾਂ ਦੀ ਸੰਭਾਲ ਅਤੇ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਦਾ ਖ਼ਰਚਾ ਵੀ ਸ਼ਾਮਲ ਹੁੰਦਾ ਹੈ।

