Did the government fulfill its promises or not? Cockroach Janata Party will review the trusts
ਸਰਕਾਰ ਨੇ ਵਾਅਦੇ ਪੂਰੇ ਕੀਤੇ ਜਾਂ ਨਹੀਂ! ਭਰੋਸਿਆਂ ਦੀ ਸਮੀਖਿਆ ਕਰੇਗੀ ਕਾਕਰੋਚ ਜਨਤਾ ਪਾਰਟੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਸੋਮਵਾਰ ਨੂੰ ਆਪਣੀ ਨੈਸ਼ਨਲ ਵਰਕਿੰਗ ਕਮੇਟੀ ਦੀ ਬੈਠਕ ਕਰਨ ਵਾਲੀ ਹੈ। ਇਸ ’ਚ 25 ਜੁਲਾਈ ਨੂੰ ਦੇਸ਼ ਪੱਧਰੀ ਅੰਦੋਲਨ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਭਰੋਸਿਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਸਬੰਧ ਵਿਚ ਸੀ. ਜੇ. ਪੀ. ਨੇ ਕਿਹਾ ਕਿ ਸਰਕਾਰ ਨੇ ਭਰੋਸੇ ਪੂਰੇ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਹੁਣ ਤੱਕ ਰਸਮੀ ਜਾਣਕਾਰੀ ਨਹੀਂ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਵਾਅਦੇ ਪੂਰੇ ਕਰਵਾਉਣ ਲਈ ਸਾਰੇ ਬਦਲਾਂ ’ਤੇ ਵਿਚਾਰ ਹੋਵੇਗਾ, ਜਿਨ੍ਹਾਂ ’ਚ ਦੁਬਾਰਾ ਸ਼ਾਂਤੀਪੂਰਨ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕਰਨਾ ਵੀ ਸ਼ਾਮਲ ਹੈ। ਦੱਸ ਦੇਈਏ ਕਿ 25 ਜੁਲਾਈ ਨੂੰ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਜੇ. ਪੀ. ਨੱਡਾ ਨੇ ਸੀ. ਜੇ. ਪੀ. ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਸੀ, ਜਿਸ ’ਚ ਅੰਦੋਲਨ ਖ਼ਤਮ ਕਰਨ ਅਤੇ ਸੀ. ਜੇ. ਪੀ. ਦੀਆਂ ਮੰਗਾਂ ਮੰਨਣ ਦੀ ਗੱਲ ਕਹੀ ਸੀ। ਸੀ. ਜੇ. ਪੀ. ਨੇ ਕਿਹਾ ਕਿ ਉਸ ਨੇ ਦੇਸ਼ ਦੇ ਨੌਜਵਾਨਾਂ ਨੂੰ ਸਰਕਾਰ ਦੇ ਵਾਅਦੇ ’ਤੇ ਭਰੋਸਾ ਕਰਦੇ ਹੋਏ ਅੰਦੋਲਨ ਵਾਪਸ ਲੈਣ ਲਈ ਕਿਹਾ ਸੀ। ਪਾਰਟੀ ਨੇ ਕਿਹਾ ਕਿ ਉਹ ਇਸ ਭਰੋਸੇ ਨੂੰ ਕਮਜ਼ੋਰੀ ਸਮਝਣ ਦੀ ਇਜਾਜ਼ਤ ਨਹੀਂ ਦੇਵੇਗੀ। ਪਾਰਟੀ ਨੇ ਵਿਦਿਆਰਥੀਆਂ, ਨੌਜਵਾਨ ਨਾਗਰਿਕਾਂ, ਸਮਰਥਕਾਂ ਅਤੇ ਸਵੈਮਸੇਵਕਾਂ ਨੂੰ ਸੋਮਵਾਰ ਦੀ ਬੈਠਕ ਦੇ ਨਤੀਜੇ ਲਈ ਤਿਆਰ ਰਹਿਣ ਲਈ ਕਿਹਾ ਹੈ। ਸੋਮਵਾਰ ਦੀ ਮੀਟਿੰਗ ’ਚ ਸਥਿਤੀ ਦਾ ਮੁਲਾਂਕਣ ਕਰ ਕੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।

