Canada’s strong response, retaliatory tariffs of $20 billion on American goods
ਕੈਨੇਡਾ ਦਾ ਕਰਾਰਾ ਜਵਾਬ, ਅਮਰੀਕੀ ਸਾਮਾਨ ‘ਤੇ ਲਗਾਇਆ 20 ਅਰਬ ਡਾਲਰ ਦਾ ਜਵਾਬੀ ਟੈਰਿਫ਼
ਓਟਾਵਾ (ਆਵਾਜ਼ਿ ਕੌਮ ਬਿਊਰੋ)- ਕੈਨੇਡਾ ਨੇ ਮੰਗਲਵਾਰ (25 ਅਗਸਤ) ਨੂੰ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਕਰਦਿਆਂ ਲਗਭਗ 20 ਅਰਬ ਅਮਰੀਕੀ ਡਾਲਰ ਦੇ ਅਮਰੀਕੀ ਸਾਮਾਨ ‘ਤੇ ਨਵੇਂ ਟੈਰਿਫ਼ (ਟੈਕਸ) ਲਗਾ ਦਿੱਤੇ ਹਨ. ਇਸ ਕਦਮ ਨਾਲ ਕਦੇ ਬੇਹੱਦ ਨਜ਼ਦੀਕੀ ਰਹੇ ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਪਾਰਕ ਜੰਗ (Trade War) ਹੋਰ ਤੇਜ਼ ਹੋ ਗਈ ਹੈ। ਕੈਨੇਡਾ ਦੀ ਇਹ ਵੱਡੀ ਕਾਰਵਾਈ ਟਰੰਪ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਕੈਨੇਡੀਅਨ ਸਾਮਾਨ ‘ਤੇ 50 ਫ਼ੀਸਦੀ ਟੈਰਿਫ਼ ਲਗਾਏ ਜਾਣ ਤੋਂ ਬਾਅਦ ਹੋਈ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਅਸਫ਼ਲ ਰਹਿਣ ਮਗਰੋਂ ਚੁੱਕਿਆ ਗਿਆ ਸੀ। ਕੈਨੇਡਾ ਵੱਲੋਂ ਲਗਾਏ ਗਏ ਇਹ ਨਵੇਂ ਟੈਰਿਫ਼ 8 ਸਤੰਬਰ ਤੋਂ ਲਾਗੂ ਹੋਣਗੇ ਅਤੇ ਇਨ੍ਹਾਂ ਦੀਆਂ ਦਰਾਂ 15%, 25% ਅਤੇ 50% ਤੈਅ ਕੀਤੀਆਂ ਗਈਆਂ ਹਨ। ਕੈਨੇਡਾ ਕੁੱਲ 700 ਤੋਂ ਵੱਧ ਅਮਰੀਕੀ ਉਤਪਾਦਾਂ ‘ਤੇ ਇਹ ਟੈਕਸ ਲਗਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਡੇਅਰੀ ਉਤਪਾਦ, ਘਰੇਲੂ ਉਪਕਰਣ, ਖੇਤੀਬਾੜੀ ਉਪਕਰਣ, ਪਲਪ ਅਤੇ ਪੇਪਰ ਅਤੇ ਇਲੈਕਟ੍ਰਾਨਿਕਸ ਉਤਪਾਦ ਵੀ ਇਸ ਦੇ ਘੇਰੇ ਵਿੱਚ ਆਉਣਗੇ। ਉਦਯੋਗਿਕ ਸਾਮਾਨ ਦੇ ਨਾਲ-ਨਾਲ ਰੋਜ਼ਮੱਰਾ ਦੀਆਂ ਚੀਜ਼ਾਂ ਜਿਵੇਂ ਕਿ ਸਮੁੰਦਰੀ ਭੋਜਨ (sea food), ਚੀਜ਼, ਕੱਪੜੇ, ਕਾਸਮੈਟਿਕਸ ਅਤੇ ਟਾਇਲਟ ਪੇਪਰ ‘ਤੇ ਵੀ ਇਹ ਟੈਕਸ ਲਗਾਇਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕੈਨੇਡਾ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਫ਼ਲ ਰਹੀ ਵਪਾਰਕ ਗੱਲਬਾਤ ਦੌਰਾਨ ਅਮਰੀਕਾ ਦੀਆਂ ਮੰਗਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਕੈਨੇਡਾ ਦੇ ਮੁੱਖ ਉਦਯੋਗਾਂ ਨੂੰ “ਬਰਬਾਦ” ਕਰਨਾ ਚਾਹੁੰਦਾ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਟਕਰਾਅ ਨੂੰ ਹੋਰ ਵਧਾਉਂਦਿਆਂ ਕੈਨੇਡੀਅਨ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਲਾਈਨ ਵਿੱਚ ਆਉਣ, ਨਹੀਂ ਤਾਂ ਮੌਜੂਦਾ ਟੈਰਿਫ਼ ਨਾਲੋਂ ਵੀ ਕਿਤੇ ਵੱਧ ਮਾੜੇ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਕੈਨੇਡੀਅਨ ਵਾਹਨਾਂ, ਆਟੋ ਪਾਰਟਸ ਅਤੇ ਸਟੀਲ ‘ਤੇ ਵੀ ਨਵੇਂ 50 ਫ਼ੀਸਦੀ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਇਸ ਤੋਂ ਇਲਾਵਾ, ਟਰੰਪ ਨੇ ਵਿਵਾਦ ਦਰਮਿਆਨ ‘ਲੇਕ ਓਂਟਾਰੀਓ’ ਦਾ ਨਾਮ ਬਦਲ ਕੇ ‘ਲੇਕ ਅਮਰੀਕਾ’ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਇੱਕ ਹੋਰ ਵਿਵਾਦਿਤ ਬਿਆਨ ਵੀ ਜਾਰੀ ਕੀਤਾ ਹੈ।

