Trump’s helicopter approached plane due to radio malfunction
ਰੇਡੀਓ ਖਰਾਬੀ ਕਾਰਨ ਜਹਾਜ਼ ਨੇੜੇ ਪਹੁੰਚਿਆ ਸੀ ਟਰੰਪ ਦਾ ਹੈਲੀਕਾਪਟਰ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੈਲੀਕਾਪਟਰ ‘ਮਰੀਨ ਵਨ’ ਅਤੇ ਇਕ ਯਾਤਰੀ ਜਹਾਜ਼ ਦੇ ਨੇੜੇ ਆਉਣ ਦਾ ਕਾਰਨ ਸਾਹਮਣੇ ਆਇਆ ਹੈ। ਜਾਂਚ ਮੁਤਾਬਕ ਰੇਡੀਓ ਸੰਪਰਕ ’ਚ ਖਰਾਬੀ ਕਾਰਨ ਏਅਰ ਟ੍ਰੈਫਿਕ ਕੰਟਰੋਲਰਾਂ (ਏ. ਟੀ. ਸੀ.) ਨੂੰ ਉਡਾਣ ਦੀ ਜ਼ਰੂਰੀ ਚਿਤਾਵਨੀ ਨਹੀਂ ਮਿਲ ਸਕੀ ਸੀ। ਇਹ ਘਟਨਾ 4 ਅਗਸਤ ਨੂੰ ਵਾਪਰੀ ਸੀ। ਵ੍ਹਾਈਟ ਹਾਊਸ ’ਚ ਚੱਲ ਰਹੇ ਨਿਰਮਾਣ ਕਾਰਨ ਹੈਲੀਕਾਪਟਰ ਨੇ ‘ਦਿ ਏਲਿਪਸ’ ਤੋਂ ਉਡਾਣ ਭਰੀ ਸੀ ਪਰ ਉਥੋਂ ਰੀਗਨ ਨੈਸ਼ਨਲ ਏਅਰਪੋਰਟ ਦੇ ਰੇਡੀਓ ਰਿਸੀਵਰ ਤੱਕ ਸੰਪਰਕ ਠੀਕ ਨਹੀਂ ਸੀ। ਇਸੇ ਦੌਰਾਨ ਏਅਰਪੋਰਟ ਤੋਂ ਯਾਤਰੀ ਜਹਾਜ਼ ਨੂੰ ਵੀ ਉਡਾਣ ਦੀ ਮਨਜ਼ੂਰੀ ਦੇ ਦਿੱਤੀ ਗਈ। ਦੋਵਾਂ ਵਿਚਾਲੇ ਦੂਰੀ ਸਿਰਫ 1.3 ਕਿਲੋਮੀਟਰ ਅਤੇ ਉਚਾਈ ’ਚ ਸਿਰਫ਼ 250 ਫੁੱਟ ਦਾ ਫਰਕ ਰਹਿ ਗਿਆ ਸੀ। ਹਾਲਾਂਕਿ, ਪਾਇਲਟਾਂ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਟਲ ਗਿਆ। ਜਾਂਚ ’ਚ ਖੁਲਾਸਾ ਹੋਇਆ ਕਿ ਏ. ਟੀ. ਸੀ. ਨੂੰ ਇਸ ਖਰਾਬੀ ਬਾਰੇ 30 ਜੁਲਾਈ ਨੂੰ ਹੀ ਪਤਾ ਲੱਗ ਗਿਆ ਸੀ, ਫਿਰ ਵੀ ਸੁਰੱਖਿਆ ’ਚ ਅਣਗਹਿਲੀ ਹੋਈ। ਘਟਨਾ ਤੋਂ ਬਾਅਦ ਤਕਨੀਕੀ ਟੀਮ ਨੇ ਰੇਡੀਓ ਰਿਸੀਵਰ ਨੂੰ ਕੰਟਰੋਲ ਟਾਵਰ ਦੇ ਉੱਪਰ ਲਗਾ ਕੇ ਸਿਸਟਮ ਠੀਕ ਕਰ ਦਿੱਤਾ ਹੈ।

