Russia threatens missile attack on Britain
ਰੂਸ ਦੀ ਬ੍ਰਿਟੇਨ ’ਤੇ ਮਿਜ਼ਾਈਲ ਹਮਲੇ ਦੀ ਧਮਕੀ
ਮਾਸਕੋ (ਆਵਾਜ਼ਿ ਕੌਮ ਬਿਊਰੋ)- ਰੂਸ ਨੇ ਕਿਹਾ ਹੈ ਕਿ ਯੁੱਧ ਵਿਚ ਜੇਕਰ ਯੂਕ੍ਰੇਨੀ ਫੌਜ ਬ੍ਰਿਟੇਨ ਦੀਆਂ ‘ਸਟੌਰਮ ਸ਼ੈਡੋ’ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਦੀ ਹੈ ਤਾਂ ਉਹ ਬ੍ਰਿਟਿਸ਼ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਹ ਫੌਜੀ ਟਿਕਾਣੇ ਬ੍ਰਿਟੇਨ ਦੇ ਅੰਦਰ ਵੀ ਹੋ ਸਕਦੇ ਹਨ ਅਤੇ ਬਾਹਰ ਵੀ। ਰੂਸ ਨੇ ਕਿਹਾ, ‘‘ਬ੍ਰਿਟੇਨ ਵਲੋਂ ਯੂਕ੍ਰੇਨ ਨੂੰ ਲੰਬੀ ਦੂਰੀ ਤੱਕ ਹਮਲਾ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ ਦੇਣ ਨਾਲ ਯੁੱਧ ਭੜਕਣ ਦੀ ਉਹ ਲਗਾਤਾਰ ਚਿਤਾਵਨੀ ਦੇ ਰਿਹਾ ਹੈ ਪਰ ਬ੍ਰਿਟੇਨ ਉਸ ’ਤੇ ਧਿਆਨ ਨਹੀਂ ਦੇ ਰਿਹਾ। ਇਸ ਲਈ ਰੂਸ ਨੂੰ ਕਾਰਵਾਈ ਕਰਨੀ ਪਵੇਗੀ।’’ ਜਵਾਬ ਵਿਚ ਬ੍ਰਿਟੇਨ ਨੇ ਕਿਹਾ ਹੈ ਕਿ ਉਸ ਨੂੰ ਰੂਸ ਦੀ ਧਮਕੀ ਦੀ ਪ੍ਰਵਾਹ ਨਹੀਂ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕ੍ਰੇਨ ’ਤੇ ਗੈਰ-ਕਾਨੂੰਨੀ ਹਮਲੇ ਦਾ ਮੁਕਾਬਲਾ ਕਰ ਰਹੇ ਯੂਕ੍ਰੇਨ ਨਾਲ ਬ੍ਰਿਟੇਨ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਯੂਕ੍ਰੇਨ ਨੂੰ ਜਿਸ ਹਥਿਆਰ ਦੀ ਲੋੜ ਹੋਵੇਗੀ, ਉਹ ਉਸ ਨੂੰ ਦਿੱਤਾ ਜਾਵੇਗਾ। ਇਸੇ ਹਫ਼ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਯੂਕ੍ਰੇਨ ਨੂੰ ‘ਸਟੌਰਮ ਸ਼ੈਡੋ’ ਮਿਜ਼ਾਈਲ ਦੇਣ ਅਤੇ ਉਸ ਦੇ ਨਿਰਮਾਣ ਦਾ ਅਧਿਕਾਰ ਦੇਣ ਦੀ ਗੱਲ ਕਹੀ ਹੈ। ਇਸੇ ਮਿਜ਼ਾਈਲ ਦਾ ਫਰਾਂਸੀਸੀ ਵਰਜਨ ‘ਸਕਾਲਪ’ ਮਿਜ਼ਾਈਲ ਯੂਕ੍ਰੇਨ ਨੂੰ ਦੇਣ ਅਤੇ ਉਸ ਦੇ ਨਿਰਮਾਣ ਦਾ ਲਾਇਸੈਂਸ ਵੀ ਦੇਣ ਦਾ ਐਲਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੀਤਾ ਹੈ। ਅਜਿਹੇ ’ਚ ਫਲੈਮਿੰਗੋ ਮਿਜ਼ਾਈਲ ਦਾ ਵਿਕਾਸ ਕਰ ਚੁੱਕੇ ਯੂਕ੍ਰੇਨ ਨੂੰ ਸਟੌਰਮ ਸ਼ੈਡੋ ਅਤੇ ਸਕਾਲਪ ਮਿਜ਼ਾਈਲਾਂ ਮਿਲ ਜਾਂਦੀਆਂ ਹਨ ਤਾਂ ਰੂਸ ਦੀ ਮੁਸ਼ਕਲ ਵਧ ਜਾਵੇਗੀ। ਯੂਕ੍ਰੇਨ ਨੇ ਅਜੇ ਆਪਣੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਡ੍ਰੋਨਾਂ ਦੇ ਹਮਲਿਆਂ ਨਾਲ ਹੀ ਰੂਸ ਦੇ ਨੱਕ ’ਚ ਦਮ ਕਰ ਰੱਖਿਆ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਾ ਮਾਰੀਆ ਜ਼ਾਖਾਰੋਵਾ ਨੇ ਬ੍ਰਿਟੇਨ ਨੂੰ ਭਿਆਨਕ ਨਤੀਜਿਆਂ ਦੀ ਚਿਤਾਵਨੀ ਦਿੰਦੇ ਹੋਏ ਯੂਕ੍ਰੇਨ ਨੂੰ ਮਿਜ਼ਾਈਲਾਂ ਦੇਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ, ‘‘ਰੂਸ ਦੇ ਲੋਕਾਂ ’ਤੇ ਸਟੌਰਮ ਸ਼ੈਡੋ ਅਤੇ ਸਕਾਲਪ ਮਿਜ਼ਾਈਲਾਂ ਦੀ ਵਰਤੋਂ ਅੱਤਵਾਦੀ ਕਾਰਾ ਹੋਵੇਗੀ।’’

