Thieves target NRI’s locked house, steal valuables
NRI ਦੇ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਕੀਤਾ ਚੋਰੀ
ਕਪੂਰਥਲਾ (ਆਵਾਜ਼ਿ ਕੌਮ ਬਿਊਰੋ)-ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਲੱਖਣ ਕੇ ਪੱਡਾ ਵਿਖੇ ਇਕ ਐੱਨ. ਆਰ. ਆਈ. ਦੇ ਬੰਦ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦੇ ਪਿੰਡ ਰਮੀਦੀ ਵਾਸੀ ਅਮਰਜੀਤ ਸਿੰਘ ਬੱਲ ਨੇ ਦੱਸਿਆ ਕਿ ਉਹ ਸਤਨਾਮ ਸਿੰਘ ਪੱਡੇ ਦੇ ਮਾਮੇ ਦਾ ਲੜਕਾ ਹੈ। ਸਤਨਾਮ ਸਿੰਘ ਕਰੀਬ ਡੇਢ ਮਹੀਨਾ ਪਹਿਲਾਂ ਅਮਰੀਕਾ ਚਲਾ ਗਿਆ ਸੀ ਅਤੇ ਘਰ ਦੀ ਚਾਬੀ ਉਸ ਕੋਲ ਰਹਿੰਦੀ ਹੈ। ਉਹ ਸਮੇਂ-ਸਮੇਂ ’ਤੇ ਘਰ ਦਾ ਗੇੜਾ ਮਾਰ ਕੇ ਦੇਖਭਾਲ ਕਰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਘਰ ਜਾ ਕੇ ਵੇਖਿਆ ਜਾਵੇ। ਜਦੋਂ ਉਹ ਘਰ ਪਹੁੰਚਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਪੇਟੀਆਂ ਅਤੇ ਅਲਮਾਰੀਆਂ ਦੀ ਫੋਲਾ-ਫਰਾਲੀ ਕੀਤੀ ਹੋਈ ਸੀ। ਅੰਦਰੋਂ ਟੂਟੀਆਂ, ਭਾਂਡੇ ਅਤੇ ਇਕ ਕੀਮਤੀ ਮੋਬਾਇਲ ਫੋਨ ਚੋਰੀ ਹੋਇਆ ਮਿਲਿਆ। ਅਮਰਜੀਤ ਸਿੰਘ ਬੱਲ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

