Confession of alleged mastermind of World Trade Center attack Khalid Sheikh Mohammed rejected
‘ਵਰਲਡ ਟ੍ਰੇਡ ਸੈਂਟਰ’ ਹਮਲੇ ਦੇ ਕਥਿਤ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਦਾ ਕਬੂਲਨਾਮਾ ਖਾਰਿਜ
ਨਿਊਯਾਰਕ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਫ਼ੌਜੀ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ 11 ਸਤੰਬਰ ਦੇ ਵਰਲਡ ਟ੍ਰੇਡ ਸੈਂਟਰ ਹਮਲਿਆਂ ਦੇ ਕਥਿਤ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਨੇ 2007 ’ਚ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਏਜੰਟਾਂ ਸਾਹਮਣੇ ਜੋ ਕਬੂਲਨਾਮੇ ਦਿੱਤੇ ਸਨ, ਉਨ੍ਹਾਂ ਨੂੰ ਮੁਕੱਦਮੇ ’ਚ ਸਬੂਤ ਵਜੋਂ ਵਰਤਿਆ ਨਹੀਂ ਜਾ ਸਕਦਾ ਕਿਉਂਕਿ ਇਹ ਬਿਆਨ ਆਪਣੀ ਮਰਜ਼ੀ ਨਾਲ ਨਹੀਂ ਦਿੱਤੇ ਗਏ ਸਨ। ਇਹ ਫ਼ੈਸਲਾ ਅਮਰੀਕੀ ਸਰਕਾਰ ਦੀ ਉਸ ਲੰਮੀ ਕੋਸ਼ਿਸ਼ ਲਈ ਇਕ ਝਟਕਾ ਹੈ, ਜਿਸ ਦੇ ਤਹਿਤ ਮੁਹੰਮਦ (ਜਿਸ ਨੂੰ ਕੇ. ਐੱਸ. ਐੱਮ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ’ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉਸ ’ਤੇ 4 ਕਮਰਸ਼ੀਅਲ ਜਹਾਜ਼ਾਂ ਨੂੰ ਹਾਈਜੈਕ ਕਰਨ ਅਤੇ ਉਨ੍ਹਾਂ ਨੂੰ ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ ਨਾਲ ਟਕਰਾਉਣ ਦੀ ਸਾਜ਼ਿਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ ’ਚ ਮਦਦ ਕਰਨ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ 11 ਸਤੰਬਰ, 2001 ਦੇ ਹਮਲਿਆਂ ’ਚ ਲੱਗਭਗ 3,000 ਲੋਕ ਮਾਰੇ ਗਏ ਸਨ। ਫ਼ੌਜੀ ਅਦਾਲਤ ਦੇ ਜੱਜ ਲੈਫ਼ਟੀਨੈਂਟ ਕਰਨਲ ਮਾਈਕਲ ਸ਼੍ਰਮਾ ਨੇ ਫ਼ੈਸਲਾ ਸੁਣਾਇਆ ਕਿ ਜਨਵਰੀ 2007 ਵਿਚ 4 ਦਿਨਾਂ ਦੀ ਪੁੱਛਗਿੱਛ ਦੌਰਾਨ ਮੁਹੰਮਦ ਨੇ ਜੋ ਬਿਆਨ ਦਿੱਤੇ ਸਨ, ਉਨ੍ਹਾਂ ਨੂੰ ਉਸ ਦੇ ਖ਼ਿਲਾਫ਼ ਵਰਤਿਆ ਨਹੀਂ ਜਾ ਸਕਦਾ। ‘ਦਿ ਨਿਊਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ, ਅਦਾਲਤ ਦਾ ਹੁਕਮ ਜਨਤਕ ਤੌਰ ’ਤੇ ਜਾਰੀ ਨਹੀਂ ਕੀਤਾ ਗਿਆ ਸੀ ਪਰ ਜਿਨ੍ਹਾਂ ਵਕੀਲਾਂ ਨੇ ਫ਼ੈਸਲਾ ਦੇਖਿਆ ਸੀ, ਉਨ੍ਹਾਂ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ।

