Bhai Jagtar Singh Mahal’s sharp attack on Chandigarh University election results
ਚੰਡੀਗੜ੍ਹ ਯੂਨੀਵਰਸਿਟੀ ਚੋਣ ਨਤੀਜਿਆਂ ’ਤੇ ਭਾਈ ਜਗਤਾਰ ਸਿੰਘ ਮਾਹਲ ਦਾ ਤਿੱਖਾ ਹਮਲਾ, “ਬਾਦਲ ਪਰਿਵਾਰ ਨੇ ਮੁੜ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਸਿਆਸਤ ਕੀਤੀ” : ਮਾਹਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਿਆਸੀ ਵਿਵਾਦ ਭਖ ਗਿਆ ਹੈ। ਅਕਾਲੀ ਦਲ ਵਾਰਸ ਪੰਜਾਬ ਯੂਰਪ ਦੇ ਮੁਖੀ ਭਾਈ ਜਗਤਾਰ ਸਿੰਘ ਮਾਹਲ ਨੇ ਚੋਣ ਨਤੀਜਿਆਂ ਨੂੰ ਲੈ ਕੇ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਭਾਈ ਮਾਹਲ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਯੂਆਰ ਅਤੇ ਆਰਐੱਸਐੱਸ-ਭਾਜਪਾ ਪੱਖੀ ਧਿਰਾਂ ਦੀ ਜਿੱਤ ਪਿੱਛੇ ਐੱਸਓਆਈ ਵੱਲੋਂ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਭੂਮਿਕਾ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਸਿਆਸੀ ਧਿਰ ਵੱਲੋਂ ਅਜਿਹੀ ਪਹੁੰਚ ਅਪਣਾਉਣਾ ਬੇਹੱਦ ਚਿੰਤਾਜਨਕ ਹੈ।
ਉਨ੍ਹਾਂ ਕਿਹਾ ਕਿ “ਅੱਜ ਇੱਕ ਵਾਰ ਫਿਰ ਬਾਦਲ ਪਰਿਵਾਰ ਨੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਸਿਆਸਤ ਕੀਤੀ ਹੈ।” ਭਾਈ ਮਾਹਲ ਨੇ ਕਿਹਾ ਕਿ ਸਿੱਖ ਕੌਮ ਦੇ ਹਿੱਤਾਂ ਅਤੇ ਸਿਧਾਂਤਾਂ ਨਾਲ ਸਮਝੌਤਾ ਕਰਕੇ ਕੀਤੀ ਜਾਣ ਵਾਲੀ ਕਿਸੇ ਵੀ ਸਿਆਸੀ ਰਣਨੀਤੀ ਨੂੰ ਅਕਾਲੀ ਦਲ ਵਾਰਸ ਪੰਜਾਬ ਯੂਰਪ ਕਦੇ ਪ੍ਰਵਾਨ ਨਹੀਂ ਕਰੇਗਾ।
ਭਾਈ ਜਗਤਾਰ ਸਿੰਘ ਮਾਹਲ ਨੇ ਸਿੱਖ ਨੌਜਵਾਨਾਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੀ ਸਿਆਸੀ ਤਾਕਤ, ਹੱਕਾਂ ਅਤੇ ਭਵਿੱਖ ਪ੍ਰਤੀ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਆਵਾਜ਼ ਅਤੇ ਤਾਕਤ ਨੂੰ ਕਿਸੇ ਸਿਆਸੀ ਪਰਿਵਾਰ ਦੇ ਨਿੱਜੀ ਹਿੱਤਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਯੂਰਪ ਸਿੱਖ ਕੌਮ ਦੇ ਹੱਕਾਂ, ਸਿਧਾਂਤਾਂ ਅਤੇ ਭਵਿੱਖ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਕੌਮ ਵਿਰੋਧੀ ਸਮਝੀਆਂ ਜਾਣ ਵਾਲੀਆਂ ਕਿਸੇ ਵੀ ਸਿਆਸੀ ਚਾਲਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

