This area of Jalandhar was shaken by explosions! A terrible fire broke out in a factory
ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ ‘ਚ ਲੱਗੀ ਭਿਆਨਕ ਅੱਗ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ‘ਚ ਸਥਿਤ ਮੋਦੀ ਫਾਰਮ ਗੱਦੇ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਕੁਝ ਮਿੰਟਾਂ ‘ਚ ਹੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਵਿੱਚੋਂ ਨਿਕਲਦਾ ਕਾਲਾ ਧੂੰਆਂ ਦੂਰ-ਦੂਰ ਤੱਕ ਵਿਖਾਈ ਦੇ ਰਿਹਾ ਸੀ, ਜਿਸ ਕਾਰਨ ਇਲਾਕੇ ‘ਚ ਹੜਕੰਪ ਮਚ ਗਿਆ। ਫੈਕਟਰੀ ਦੇ ਕਰਮਚਾਰੀਆਂ ਅਤੇ ਨੇੜਲੇ ਨਿਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਘਟਨਾ ਦੇ ਸਮੇਂ ਅੰਦਰ 30 ਦੇ ਕਰੀਬ ਕਰਮਚਾਰੀ ਕੰਮ ਕਰ ਰਹੇ ਸਨ। ਸਾਰੇ ਵਰਕਰਾਂ ਨੇ ਭੱਜ ਕੇ ਜਾਨ ਬਚਾਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀੋਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਖ਼ਤ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ‘ਚ ਵੱਡੀ ਮਾਤਰਾ ‘ਚ ਜਲਣਸ਼ੀਲ ਪਦਾਰਥ ਅਤੇ ਰਸਾਇਣ ਸਨ। ਇਸੇ ਕਰਕੇ ਅੱਗ ਤੇਜ਼ੀ ਨਾਲ ਫੈਲੀ ਅਤੇ ਇਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋਇਆ। ਸਵਾਲ ਇਹ ਉੱਠਦਾ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਵਿਸਫੋਟਕ ਰਸਾਇਣ ਇਕ ਰਿਹਾਇਸ਼ੀ ਖੇਤਰ ਵਿੱਚ ਕਿਵੇਂ ਪਹੁੰਚ ਗਏ।ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਫੈਕਟਰੀ ਵਿਚ ਕਿੰਨਾ ਨੁਕਸਾਨ ਹੋਇਆ, ਇਹ ਅਜੇ ਸਪਸ਼ਟ ਨਹੀਂ ਹੋ ਪਾਇਆ ਹੈ। ਕੇਸ਼ਵ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਫੈਕਟਰੀ ਇਕ ਰਿਹਾਇਸ਼ੀ ਖੇਤਰ ‘ਚ ਸਥਿਤ ਹੈ। ਘਟਨਾ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਵਿਅਕਤੀ ਨੇ ਦੋਸ਼ ਲਗਾਇਆ ਕਿ ਅੱਗ ਲੱਗਣ ਕਾਰਨ ਸ਼ੈੱਡ ਕਮਜ਼ੋਰ ਹੋ ਗਈ ਅਤੇ ਲੋਕਾਂ ਦੇ ਘਰਾਂ ‘ਚ ਫੈਲ ਗਈ। ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਉਹ ਇਕ ਘੰਟੇ ਬਾਅਦ ਮੌਕੇ ‘ਤੇ ਪਹੁੰਚੀ। ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੁਮਨ ਨਾਮਕ ਇਕ ਔਰਤ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਭੈਣ ਫੈਕਟਰੀ ‘ਚ ਕੰਮ ਕਰਨ ਗਏ ਸਨ, ਜਿੱਥੇ ਉਸ ਦਾ ਭਰਾ ਅੱਗ ਦੀ ਲਪੇਟ ਵਿਚ ਆ ਗਿਆ। ਉਸ ਨੂੰ ਇਲਾਜ ਲਈ ਜੋਸ਼ੀ ਹਸਪਤਾਲ ਲਿਜਾਇਆ ਗਿਆ। ਫੈਕਟਰੀ ਮਾਲਕ ਰਣਜੀਤ ਕੁਮਾਰ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਝੁਲਸੇ ਵਿਅਕਤੀ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਵਿਸ਼ਾਲ ਦੀ ਪਤਨੀ ਸ਼ਾਂਤੀ ਨੇ ਕਿਹਾ ਕਿ ਉਨ੍ਹਾਂ ਦੇ ਦੋ ਬੱਚੇ ਹਨ, ਜੋਕਿ ਦੋਵੇਂ ਕੁੜੀਆਂ ਹਨ। ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਵਿਸ਼ਾਲ ਘਟਨਾ ਦੌਰਾਨ ਫੈਕਟਰੀ ਦੇ ਅੰਦਰ ਸੀ ਅਤੇ ਬੁਰੀ ਤਰ੍ਹਾਂ ਸੜ ਗਿਆ। ਫੈਕਟਰੀ ਦੇ ਕਾਮੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਇਸ ਘਟਨਾ ਨੇ ਨੇੜਲੀਆਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਸਾੜ ਦਿੱਤਾ ਅਤੇ ਘਰਾਂ ‘ਚ ਤਰੇੜਾਂ ਪੈ ਗਈਆਂ। ਇਕ ਵਿਅਕਤੀ ਦਾ ਮੋਟਰਸਾਈਕਲ ਵੀ ਅੱਗ ਦੀ ਲਪੇਟ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਮਿੰਟਾਂ ‘ਚ ਹੀ ਵਧੀ ਅਤੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ‘ਚ ਲੈ ਲਿਆ। ਵਿਅਕਤੀ ਨੇ ਕਿਹਾ ਕਿ ਫੈਕਟਰੀ ਸੰਚਾਲਕਾਂ ਵਿੱਚੋਂ ਕੋਈ ਵੀ ਘਟਨਾ ਦਾ ਮੁਆਇਨਾ ਕਰਨ ਲਈ ਮੌਕੇ ‘ਤੇ ਨਹੀਂ ਗਿਆ। ਇਸ ਘਟਨਾ ਦੌਰਾਨ ਇਕ ਲੈਂਟਰ ਵੀ ਡਿੱਗ ਗਿਆ। ਵਿਅਕਤੀ ਨੇ ਪ੍ਰਸ਼ਾਸਨ ਨੂੰ ਫੈਕਟਰੀ ਨੂੰ ਰਿਹਾਇਸ਼ੀ ਖੇਤਰ ਵਿਚੋਂ ਬਾਹਰ ਕੱਢਣ ਦੀ ਅਪੀਲ ਕੀਤੀ। ਕੇਸ਼ਵ ਦੇ ਅਨੁਸਾਰ 10 ਸਾਲ ਪਹਿਲਾਂ ਵੀ ਇਕ ਫੈਕਟਰੀ ‘ਚ ਅੱਗ ਲੱਗੀ ਸੀ। ਇਕ ਫੈਕਟਰੀ ਵਰਕਰ ਨੇ ਦੱਸਿਆ ਕਿ ਇਸ ਯੂਨਿਟ ਨੂੰ ਇਲਾਕੇ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ ਅਤੇ ਇਸ ਨੂੰ ਗੋਦਾਮ ਵਜੋਂ ਵਰਤਿਆ ਜਾਵੇਗਾ। ਹਾਲਾਂਕਿ ਫੈਕਟਰੀ ‘ਚ ਗੱਦੇ ਬਣਾਉਣ ਦਾ ਕੰਮ ਅਜੇ ਵੀ ਜਾਰੀ ਹੈ। ਕੇਸ਼ਵ ਦੇ ਅਨੁਸਾਰ ਫੈਕਟਰੀ ‘ਚ ਵੱਡੀ ਮਾਤਰਾ ਵਿੱਚ ਐੱਲ. ਪੀ. ਜੀ. ਵਪਾਰਕ ਸਿਲੰਡਰ ਮੌਜੂਦ ਹਨ। ਉਥੇ ਹੀ ਏ. ਡੀ. ਐੱਫ਼. ਓ. ਮਨਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਸਵਾ 9 ਵਜੇ ਮੋਦੀ ਫਾਰਮ ਫੈਕਟਰੀ ‘ਚ ਅੱਗ ਲੱਗਣ ਬਾਰੇ ਫੋਨ ਆਇਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ। ਘਟਨਾ ਦੌਰਾਨ ਸ਼ੈੱਡ ਢਹਿ ਜਾਣ ਕਾਰਨ ਫੈਕਟਰੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਅੱਗ ‘ਤੇ 95 ਫ਼ੀਸਦੀ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹੁਣ ਤੱਕ ਅੱਠ ਤੋਂ ਦਸ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ। ਇਕ ਵਿਅਕਤੀ ਫਿਸਲਣ ਕਾਰਨ ਡਿੱਗ ਪਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।

