Baloch folk singer shot dead in Pakistan
ਪਾਕਿਸਤਾਨ ‘ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ
ਕੋਇਟਾ, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਡੇਰਾ ਬੁਗਤੀ ਵਿੱਚ ਬੁਗਤੀ ਕਬੀਲੇ ਦੀ ਇੱਕ ਬਲੋਚੀ ਮਹਿਲਾ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ ਮ੍ਰਿਤਕ ਮਹਿਲਾ ਗਾਇਕਾ ਦੀ ਪਛਾਣ ਮਾਈ ਸੁਭਾਈ ਬੁਗਤੀ ਵਜੋਂ ਹੋਈ ਹੈ ਅਤੇ ਉਸਨੂੰ ਬੁਗਤੀ ਕਬੀਲੇ ਨਾਲ ਸਬੰਧਤ ਪਹਿਲੀਆਂ ਮਹਿਲਾ ਗਾਇਕਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਪੁਲਿਸ ਦੇ ਅਨੁਸਾਰ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਡੇਰਾ ਬੁਗਤੀ ਦੇ ਬਾਹਰਵਾਰ ਮਾਈ ਸੁਭਾਈ ਬੁਗਤੀ ‘ਤੇ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਕਿਹਾ ਕਿ ਗਾਇਕਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਮੈਡੀਕਲ-ਕਾਨੂੰਨੀ ਕਾਰਵਾਈ ਲਈ ਹਸਪਤਾਲ ਭੇਜ ਦਿੱਤਾ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਡੇਰਾ ਬੁਗਤੀ ਵਿੱਚ ਪਹਿਲੀ ਵਾਰ ਇੱਕ ਮਹਿਲਾ ਗਾਇਕਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਕਤਲ ਦੇ ਪਿੱਛੇ ਦਾ ਉਦੇਸ਼ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਜਾਂਚ ਜਾਰੀ ਹੈ। ਇਹ ਘਟਨਾ ਪਾਕਿਸਤਾਨ ਵਿੱਚ ਔਰਤਾਂ ਵਿਰੁੱਧ ਵੱਧ ਰਹੀ ਹਿੰਸਾ ਨੂੰ ਉਜਾਗਰ ਕਰਦੀ ਹੈ। ਪਿਛਲੇ ਮਹੀਨੇ ਪਾਕਿਸਤਾਨ ਦੇ ਤਕਸ਼ਸ਼ਿਲਾ ਵਿੱਚ 1.3 ਮਿਲੀਅਨ ਤੋਂ ਵੱਧ ਫਾਲੋਅਰਜ਼ ਵਾਲੀ 28 ਸਾਲਾ ਕੰਟੈਟ ਕ੍ਰਿਏਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਕਿ ਗੋਲੀਬਾਰੀ ਅਤੇ ਉਸ ਤੋਂ ਬਾਅਦ ਹੋਏ ਹਾਦਸੇ ਤੋਂ ਬਾਅਦ ਉਸਦੀ ਛੋਟੀ ਭੈਣ ਗੰਭੀਰ ਜ਼ਖਮੀ ਹੋ ਗਈ ਸੀ। ਇਸੇ ਤਰ੍ਹਾਂ ਡਾਨ ਦੀ ਰਿਪੋਰਟ ਅਨੁਸਾਰ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ ਪਾਕਿਸਤਾਨ ਵਿੱਚ ਕਤਲ ਦੇ 644 ਮਾਮਲੇ , ਤਸ਼ੱਦਦ ਦੇ 514 ਮਾਮਲੇ, ਅਗਵਾ ਦੇ 462, ਖੁਦਕੁਸ਼ੀਆਂ ਦੇ 363, ਜ਼ਬਰ ਜਿਨਾਹ ਦੇ 280, ਜ਼ਖਮੀ ਹੋਣ ਦੇ 175, ਆਨਰ ਕਿਲਿੰਗ ਦੇ 132 ਅਤੇ 21 ਹੋਰ ਅਪਰਾਧ, ਜਿਨ੍ਹਾਂ ਵਿੱਚ ਪਰੇਸ਼ਾਨੀ, ਸਮੂਹਿਕ ਬਲਾਤਕਾਰ ਅਤੇ ਪੋਰਨੋਗ੍ਰਾਫੀ ਦੇ ਮਾਮਲੇ ਸ਼ਾਮਲ ਹਨ, ਰਿਪੋਰਟ ਕੀਤੇ ਗਏ ਸਨ। ਰਿਪੋਰਟ ਦੇ ਅਨੁਸਾਰ 334 ਪੀੜਤ 21-30 ਸਾਲ ਦੀ ਉਮਰ ਦੇ ਵਿਚਕਾਰ ਸਨ, ਜਦੋਂ ਕਿ 306 ਪੀੜਤ 11-20 ਸਾਲ ਦੇ ਵਿਚਕਾਰ ਸਨ ਅਤੇ 120 ਪੀੜਤ 31-40 ਸਾਲ ਦੇ ਵਿਚਕਾਰ ਸਨ। 71 ਪ੍ਰਤੀਸ਼ਤ ਮਾਮਲਿਆਂ ਵਿੱਚ ਪੀੜਤਾਂ ਦੀ ਉਮਰ ਸ਼ਾਮਲ ਨਹੀਂ ਕੀਤੀ ਗਈ ਸੀ।

