Gunfire erupts between two parties in border village of Punjab, Congress and AAP leaders injured
ਪੰਜਾਬ ਦੇ ਸਰਹੱਦੀ ਪਿੰਡ ‘ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ ‘ਆਪ’ ਆਗੂ ਜ਼ਖਮੀ
ਅਜਨਾਲਾ (ਆਵਾਜ਼ਿ ਕੌਮ ਬਿਊਰੋ)-ਅਜਨਾਲਾ ਨਾਲ ਲੱਗਦੇ ਸਰਹੱਦੀ ਪਿੰਡ ਜਗਦੇਵ ਖੁਰਦ ਵਿਖੇ ਰੇਤ ਦੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਗੋਲੀਬਾਰੀ ਦਾ ਰੂਪ ਧਾਰ ਲਿਆ। ਇਸ ਘਟਨਾ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਦੇ ਪੁੱਤਰ ਕਰਨਬੀਰ ਸਿੰਘ ਗਿੱਲ ਜਗਦੇਵ ਖੁਰਦ ਅਤੇ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਸਾਹੋਵਾਲ ਵਿੱਚ ਹੋ ਰਹੀ ਰੇਤ ਦੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਟਿੱਪਰਾਂ ਦੇ ਜਗਦੇਵ ਖੁਰਦ ਵਿੱਚੋਂ ਲੰਘਣ ਨੂੰ ਲੈ ਕੇ ਬੀਤੀ ਰਾਤ ਦੋ ਧਿਰਾਂ ਵਿਚਾਲੇ ਤਕਰਾਰ ਹੋਈ। ਦੱਸਿਆ ਜਾਂਦਾ ਹੈ ਕਿ ਮੌਜੂਦਾ ‘ਆਪ’ ਆਗੂ ਕਰਨਬੀਰ ਸਿੰਘ ਗਿੱਲ ਵੱਲੋਂ ਕਥਿਤ ਤੌਰ ’ਤੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਉਕਤ ਟਿੱਪਰਾਂ ਨੂੰ ਪਿੰਡ ਵਿੱਚੋਂ ਲੰਘਣ ਤੋਂ ਰੋਕਿਆ ਗਿਆ ਸੀ। ਇਸੇ ਗੱਲ ਨੂੰ ਲੈ ਕੇ ਤਣਾਅ ਵਧਣ ਉਪਰੰਤ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਕਾਂਗਰਸੀ ਆਗੂ ਗੁਰਦੀਪ ਸਿਰਸਾ ਦੇ ਪੱਟ ‘ਚ ਤੇ ‘ਆਪ’ ਆਗੂ ਕਰਨਬੀਰ ਗਿੱਲ ਦੀ ਲੱਤ ‘ਚ ਗੋਲੀ ਲੱਗੀ । ਜਿਸ ਕਾਰਨ ਦੋਵੇਂ ਆਗੂ ਜ਼ਖ਼ਮੀ ਹੋ ਗਏ ਅਤੇ ਹਸਪਤਾਲ ‘ਚ ਜੇਰੇ ਇਲਾਜ਼ ਹਨ। ਗੋਲੀਬਾਰੀ ਦੀ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਮਾਮਲਾ ਹੁਣ ਪੁਲਸ ਜਾਂਚ ਦੇ ਘੇਰੇ ਵਿੱਚ ਹੈ। ਥਾਣਾ ਅਜਨਾਲਾ ਦੇ ਮੁਖੀ ਅਜੇਪਾਲ ਸਿੰਘ ਬਾਠ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

