Water filled in Janetpur railway underpass, car stopped, major accident averted
ਜਨੇਤਪੁਰ ਰੇਲਵੇ ਅੰਡਰਪਾਥ ‘ਚ ਭਰਿਆ ਪਾਣੀ, ਕਾਰ ਹੋਈ ਬੰਦ, ਵੱਡਾ ਹਾਦਸਾ ਟਲਿਆ
ਡੇਰਾਬੱਸੀ (ਆਵਾਜ਼ਿ ਕੌਮ ਬਿਊਰੋ)-ਇੱਥੇ ਬੀਤੇ ਸ਼ੁੱਕਰਵਾਰ ਨੂੰ ਪਏ ਤੇਜ਼ ਮੀਂਹ ਕਾਰਨ ਪਿੰਡ ਜਨੇਤਪੁਰ ਦੇ ਰੇਲਵੇ ਅੰਡਰਪਾਥ ‘ਚ ਵੱਡੀ ਮਾਤਰਾ ‘ਚ ਪਾਣੀ ਭਰ ਗਿਆ। ਪਾਣੀ ਦਾ ਪੱਧਰ ਵੱਧਣ ਕਾਰਨ ਅੰਡਰਪਾਥ ਵਿੱਚੋਂ ਲੰਘ ਰਹੀ ਇੱਕ ਕਾਰ ਪਾਣੀ ‘ਚ ਬੰਦ ਹੋ ਗਈ। ਇਸ ਕਾਰਨ ਕਾਰ ਸਵਾਰਾਂ ਲਈ ਮੁਸ਼ਕਲ ਸਥਿਤੀ ਪੈਦਾ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਕਾਰ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕੀਤੀ। ਇਸ ਦੌਰਾਨ ਪਿੰਡ ਜਨੇਤਪੁਰ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਉਰਫ਼ ਬੱਲਾ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਕਾਰ ਨੂੰ ਸੁਰੱਖਿਅਤ ਢੰਗ ਨਾਲ ਅੰਡਰਪਾਥ ਤੋਂ ਬਾਹਰ ਲਿਆਂਦਾ ਗਿਆ। ਇਸ ਕਾਰਨ ਕਾਰ ਸਵਾਰਾਂ ਨੇ ਰਾਹਤ ਦਾ ਸਾਹ ਲਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਨੇਤਪੁਰ ਰੇਲਵੇ ਅੰਡਰਪਾਥ ‘ਚ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਮੀਂਹ ਪੈਂਦੇ ਹੀ ਅੰਡਰਪਾਥ ਪਾਣੀ ਨਾਲ ਭਰ ਜਾਂਦਾ ਹੈ ਅਤੇ ਲੋਕਾਂ ਲਈ ਇੱਥੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਰਹਿੰਦਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਜਾਨਾਂ ਜਾ ਚੁੱਕੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇੱਕ ਕਿਸਾਨ ਆਪਣੀ ਫ਼ਸਲ ਵੇਚ ਕੇ ਰਾਤ ਸਮੇਂ ਟਰੈਕਟਰ ਰਾਹੀਂ ਘਰ ਵਾਪਸ ਆ ਰਿਹਾ ਸੀ। ਅੰਡਰਪਾਥ ‘ਚ ਭਰੇ ਪਾਣੀ ਦਾ ਅੰਦਾਜ਼ਾ ਨਾ ਹੋਣ ਕਾਰਨ ਉਸ ਦਾ ਟਰੈਕਟਰ ਪਾਣੀ ‘ਚ ਫਸ ਗਿਆ ਅਤੇ ਪਾਣੀ ‘ਚ ਡੁੱਬਣ ਕਾਰਨ ਕਿਸਾਨ ਦੀ ਮੌਤ ਹੋ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੰਨੀ ਗੰਭੀਰ ਘਟਨਾ ਵਾਪਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਹਰ ਵਾਰ ਮੀਂਹ ਦੌਰਾਨ ਅੰਡਰਪਾਥ ‘ਚ ਪਾਣੀ ਭਰ ਜਾਣ ਕਾਰਨ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੰਡਰਪਾਥ ‘ਚ ਪਾਣੀ ਦੀ ਨਿਕਾਸੀ ਲਈ ਤੁਰੰਤ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਲੋੜ ਪੈਣ ’ਤੇ ਪੰਪ ਲਗਾ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇ। ਇਸ ਦੇ ਨਾਲ ਹੀ ਮੀਂਹ ਦੌਰਾਨ ਅੰਡਰਪਾਥ ‘ਚ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਚਿਤਾਵਨੀ ਬੋਰਡ ਅਤੇ ਹੋਰ ਸੁਰੱਖਿਆ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਭਵਿੱਖ ਵਿੱਚ ਵਾਪਰਨ ਵਾਲੇ ਕਿਸੇ ਵੀ ਜਾਨੀ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

