Weather takes a turn: Snowfall on the high peaks of Himachal, including Rohtang Pass; cold wave intensifies
ਮੌਸਮ ਨੇ ਬਦਲੀ ਕਰਵਟ: ਰੋਹਤਾਂਗ ਦੱਰੇ ਸਣੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ, ਵਧੀ ਸੀਤ ਲਹਿਰ
ਸ਼ਿਮਲਾ (ਆਵਾਜ਼ਿ ਕੌਮ ਬਿਊਰੋ)-ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਸ਼ਨੀਵਾਰ ਨੂੰ ਮੌਸਮ ਨੇ ਕਰਵਟ ਬਦਲੀ। ਸਵੇਰੇ ਰੋਹਤਾਂਗ ਦੱਰੇ ਸਮੇਤ ਉੱਚੀਆਂ ਚੋਟੀਆਂ ’ਤੇ ਹਲਕੀ ਬਰਫ਼ਬਾਰੀ ਹੋਈ, ਜਿਸ ਕਾਰਨ ਉੱਚੇ ਪਹਾੜੀ ਇਲਾਕਿਆਂ ਵਿਚ ਸੀਤ ਲਹਿਰ ਦਾ ਕਹਿਰ ਵਧ ਗਿਆ। ਉੱਥੇ ਹੀ ਸ਼ਿਮਲਾ ਵਿਚ ਸਵੇਰੇ ਧੁੱਪ ਖਿੜੀ ਰਹੀ ਪਰ ਦੁਪਹਿਰ ਬਾਅਦ ਅਸਮਾਨ ਵਿਚ ਬੱਦਲ ਛਾ ਗਏ, ਜਿਸ ਨਾਲ ਰਾਜਧਾਨੀ ਵਿਚ ਵੀ ਠੰਢ ਦਾ ਵਿਆਪਕ ਅਸਰ ਨਜ਼ਰ ਆਇਆ। ਮੌਸਮ ਕੇਂਦਰ ਸ਼ਿਮਲਾ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪ੍ਰਦੇਸ਼ ਦੇ ਪ੍ਰਮੁੱਖ ਸਟੇਸ਼ਨਾਂ ’ਤੇ ਦਰਜ ਮੀਂਹ ਅਤੇ ਬਰਫ਼ਬਾਰੀ ਦਾ ਅੰਕੜਾ ਸਿਫ਼ਰ ਰਿਹਾ। ਹਾਲਾਂਕਿ ਸ਼ਨੀਵਾਰ ਸਵੇਰੇ ਉੱਚੇ ਇਲਾਕਿਆਂ ਵਿਚ ਰੋਹਤਾਂਗ ਦੱਰਾ ਅਤੇ ਆਸ-ਪਾਸ ਦੀਆਂ ਚੋਟੀਆਂ ’ਤੇ ਹਲਕੀ ਬਰਫ਼ਬਾਰੀ ਹੋਈ, ਜਦੋਂ ਕਿ ਬਾਕੀ ਖੇਤਰਾਂ ਵਿਚ ਮੌਸਮ ਮੁੱਖ ਤੌਰ ’ਤੇ ਖ਼ੁਸ਼ਕ ਬਣਿਆ ਰਿਹਾ। ਸ਼ਨੀਵਾਰ ਸਵੇਰੇ ਤਾਬੋ ਵਿਚ ਸੂਬੇ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਮਨਫ਼ੀ 4.2 ਦਰਜ ਕੀਤਾ ਗਿਆ, ਜਦੋਂ ਕਿ ਕੁਫ਼ਰੀ ਵਿਚ ਮਨਫ਼ੀ 1.6 ਅਤੇ ਕਲਪਾ ਵਿਚ ਮਨਫ਼ੀ 1.3 ਡਿਗਰੀ ਸੈਲਸੀਅਸ ਰਿਹਾ। ਸ਼ਿਮਲਾ ਵਿਚ ਘੱਟੋ-ਘੱਟ ਤਾਪਮਾਨ 7.5 ਅਤੇ ਮਨਾਲੀ ਵਿਚ 3.9 ਡਿਗਰੀ ਰਿਕਾਰਡ ਕੀਤਾ ਗਿਆ।

