Girl develops serious kidney disease after using cosmetic cream
ਕਾਸਮੈਟਿਕ ਕਰੀਮ ਦੀ ਵਰਤੋਂ ਤੋਂ ਬਾਅਦ ਕੁੜੀ ਨੂੰ ਗੁਰਦੇ ਦੀ ਹੋਈ ਗੰਭੀਰ ਬੀਮਾਰੀ
ਮਲਪੁਰਮ (ਆਵਾਜ਼ਿ ਕੌਮ ਬਿਊਰੋ)-ਸੋਸ਼ਲ ਮੀਡੀਆ ’ਤੇ ਇਕ ਇਨਫਲੂਐਂਸਰ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਆਨਲਾਈਨ ਖਰੀਦੀ ਗਈ ਕਾਸਮੈਟਿਕ ਕਰੀਮ ਦੀ ਵਰਤੋਂ ਕਰਨ ਤੋਂ ਬਾਅਦ ਕੇਰਲ ’ਚ 17 ਸਾਲ ਦੀ ਇਕ ਕੁੜੀ ਨੂੰ ਕਥਿਤ ਰੂਪ ’ਚ ਗੁਰਦੇ ਦੀ ਗੰਭੀਰ ਬੀਮਾਰੀ ਹੋ ਗਈ। ਉਸ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਸ਼ਨੀਵਾਰ ਇਹ ਗੱਲ ਕਹੀ। ਮਲਪੁਰਮ ਦੇ ਐਸਟਰ ਐੱਮ. ਆਈ. ਐੱਮ. ਐੱਸ. ਮਦਰ ਹਸਪਤਾਲ ਦੇ ਡਾਕਟਰਾਂ ਅਨੁਸਾਰ ਕੁੜੀ ਨੇ ਇੰਸਟਾਗ੍ਰਾਮ ’ਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਪ੍ਰਚਾਰ ਦੀ ਵੀਡੀਓ ਵੇਖਣ ਤੋਂ ਬਾਅਦ ਕਰੀਮ ਮੰਗਵਾਈ ਸੀ। ਕੁੜੀ ਨੇ ਕਿਹਾ ਕਿ ਉਸ ਨੂੰ ਕਰੀਮ ਦੀ ਵਰਤੋਂ ਤੋਂ ਬਾਅਦ ਸਿਹਤ ਸਬੰਧੀ ਸਮੱਸਿਆਵਾਂ ਹੋਣ ਲੱਗੀਆਂ। ਡਾਕਟਰੀ ਜਾਂਚ ਦੌਰਾਨ ਉਸ ਦੇ ਖੂਨ ਤੇ ਸਰੀਰ ’ਚ ਪਾਰੇ ਦੇ ਖਤਰਨਾਕ ਪੱਧਰ ਤਕ ਹੋਣ ਦਾ ਖੁਲਾਸਾ ਹੋਇਆ। ਪਾਰਾ ਗੁਰਦਿਆਂ ’ਚ ਖੂਨ ਫਿਲਟਰ ਕਰਨ ਵਾਲੀਆਂ ਇਕਾਈਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਿਹਾ ਸੀ। ਕੁੜੀ ਨੂੰ ਮੇਮਬ੍ਰੇਨਸ ਨੈਫਰੋਪੈਥੀ ਨਾਮੀ ਗੁਰਦੇ ਦੀ ਗੰਭੀਰ ਬਿਮਾਰੀ ਹੋ ਗਈ। ਡਾਕਟਰਾਂ ਨੇ ਕਿਹਾ ਕਿ ਕਰੀਮ ’ਚ ਕਥਿਤ ਤੌਰ ’ਤੇ 12,500 ਪੀ. ਪੀ. ਐੱਮ. ਪਾਰਾ ਪਾਇਆ ਗਿਆ ਹੈ, ਜਦੋਂ ਕਿ ਪ੍ਰਵਾਨਿਤ ਹੱਦ ਇਕ ਪੀ. ਪੀ. ਐੱਮ. ਤੋਂ ਵੀ ਘੱਟ ਦੀ ਹੈ।

