Landslides in Nepal after floods increase danger! ‘Concern’ for India too
ਹੜ੍ਹਾਂ ਮਗਰੋਂ ਨੇਪਾਲ ‘ਚ ਲੈਂਡਸਲਾਈਡ ਨੇ ਵਧਾਇਆ ਖ਼ਤਰਾ ! ਭਾਰਤ ਲਈ ਵੀ ਖੜ੍ਹੀ ਹੋਈ ‘ਚਿੰਤਾ’
Kathmandu, (ਆਵਾਜ਼ਿ ਕੌਮ ਬਿਊਰੋ)-ਭਿਆਨਕ ਹੜ੍ਹਾਂ ਦੀ ਤਬਾਹੀ ਨਾਲ ਜੂਝ ਰਹੇ ਨੇਪਾਲ ‘ਚ ਮੁੜ ਵੱਡੀ ਕੁਦਰਤੀ ਆਫ਼ਤ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਪੱਛਮੀ ਨੇਪਾਲ ਦੇ ਦਾਰਚੁਲਾ ਜ਼ਿਲ੍ਹੇ ਦੇ ਆਪੀ ਹਿਮਾਲ ਖੇਤਰ ‘ਚ ਲੈਂਡਸਲਾਈਡ ਹੋ ਗਈ ਹੈ, ਜਿਸ ਕਾਰਨ ਚੋਲਾਨੀ (ਚਮੇਲੀਆ) ਨਦੀ ਦਾ ਰਸਤਾ ਅਸਥਾਈ ਤੌਰ ‘ਤੇ ਬੰਦ ਹੋ ਗਿਆ ਹੈ, ਜਿਸ ਨਾਲ ਹੇਠਲੇ ਇਲਾਕਿਆਂ ‘ਚ ਮੁੜ ਫਲੈਸ਼ ਫਲੱਡ ਆਉਣ ਦਾ ਡਰ ਪੈਦਾ ਹੋ ਗਿਆ ਹੈ। ਆਪੀ ਹਿਮਾਲ ਗ੍ਰਾਮੀਣ ਨਗਰਪਾਲਿਕਾ ਦੇ ਭੱਟੜ ਖੇਤਰ ‘ਚ ਪਹਾੜ ਦਾ ਵੱਡਾ ਹਿੱਸਾ ਡਿੱਗਣ ਕਾਰਨ ਭਾਰੀ ਮਲਬਾ ਚੋਲਾਨੀ ਨਦੀ ਵਿੱਚ ਜਾ ਡਿੱਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੋਰ ਲੈਂਡਸਲਾਈਡ ਹੁੰਦੀ ਹੈ ਤਾਂ ਨਦੀ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਸਕਦਾ ਹੈ, ਜੋ ਇੱਕ ਕੱਚੇ ਡੈਮ ਦਾ ਰੂਪ ਲੈ ਲਵੇਗਾ ਅਤੇ ਜਦੋਂ ਇਹ ਡੈਮ ਟੁੱਟੇਗਾ ਤਾਂ ਮੁੜ ਭਾਰੀ ਤਬਾਹੀ ਆ ਸਕਦੀ ਹੈ। ਖ਼ਤਰੇ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਨੇ ਭੱਟੜ ਪਿੰਡ ਦੇ 15 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਸ਼ਿਫ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਦੀ ਖੇਤਰ ‘ਚ ਚੱਲ ਰਹੇ ਤਿੰਨ ਹਾਈਡ੍ਰੋਪਾਵਰ ਪ੍ਰੋਜੈਕਟਾਂ ‘ਚ ਤਾਇਨਾਤ ਸਟਾਫ਼ ਨੂੰ ਵੀ ਸੁਰੱਖਿਅਤ ਸਥਾਨਾਂ ‘ਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਹਾਲਾਤਾਂ ਨੂੰ ਦੇਖਦੇ ਹੋਏ ਸੁਦੂਰਪੱਛਮ ਦੇ ਮੁੱਖ ਮੰਤਰੀ ਖਗਰਾਜ ਭੱਟ ਨੇ ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਹੈ। ਨੇਪਾਲੀ ਫੌਜ ਅਤੇ ਹਥਿਆਰਬੰਦ ਪੁਲਸ ਬਲ ਨੂੰ ਵੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ। ਇਹ ਘਟਨਾ ਭਾਰਤ ਲਈ ਵੀ ਖ਼ਤਰਾ ਬਣ ਸਕਦੀ ਹੈ, ਕਿਉਂਕਿ ਚੋਲਾਨੀ ਨਦੀ ਅੱਗੇ ਜਾ ਕੇ ਮਹਾਕਾਲੀ ਨਦੀ ‘ਚ ਮਿਲਦੀ ਹੈ, ਜੋ ਭਾਰਤ (ਉੱਤਰਾਖੰਡ ਦੇ ਪਿਥੌਰਾਗੜ੍ਹ) ਅਤੇ ਨੇਪਾਲ ਦੀ ਸਰਹੱਦ ਬਣਾਉਂਦੀ ਹੈ। ਇਸ ਕਾਰਨ ਭਾਰਤੀ ਸਰਹੱਦੀ ਖੇਤਰਾਂ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ।

