Bank customers in Australia defrauded of millions of dollars, bank appeals not to share passwords and computers
ਆਸਟ੍ਰੇਲੀਆ ‘ਚ ਬੈਂਕ ਗਾਹਕਾਂ ਨਾਲ ਲੱਖਾਂ ਡਾਲਰਾਂ ਦੀ ਠੱਗੀ, ਬੈਂਕ ਵੱਲੋਂ ਪਾਸਵਰਡ ਤੇ ਕੰਪਿਊਟਰ ਸਾਂਝਾ ਨਾ ਕਰਨ ਦੀ ਅਪੀਲ
ਬ੍ਰਿਸਬੇਨ (ਆਵਾਜ਼ਿ ਕੌਮ ਬਿਊਰੋ)-ਆਸਟ੍ਰੇਲੀਆ ‘ਚ ਬੈਂਡਿਗੋ ਬੈਂਕ ਦੇ ਗਾਹਕਾਂ ਨਾਲ ਹੋਈਆਂ ਕਈ ਆਨਲਾਈਨ ਠੱਗੀਆਂ ਵਿੱਚ ਕਰੀਬ ਸਾਢੇ ਤਿੰਨ ਲੱਖ ਡਾਲਰ ਗੁਆਉਣ ਦੇ ਮਾਮਲਿਆਂ ਨੇ ਬੈਂਕ ਦੀਆਂ ਧੋਖਾਧੜੀ ਰੋਕੂ ਪ੍ਰਣਾਲੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੁਈਨਜ਼ਲੈਂਡ ਦੇ ਇੱਕ ਬਜ਼ੁਰਗ ਜੋੜੇ ਦੇ ਖਾਤਿਆਂ ਵਿੱਚੋਂ ਕਥਿਤ ਸਾਈਬਰ ਠੱਗੀ ਰਾਹੀਂ ਕਰੀਬ ਇਕ ਲੱਖ ਡਾਲਰ ਕੱਢ ਲਿਆ ਗਿਆ। ਠੱਗਾਂ ਨੇ ਕੰਪਿਊਟਰ ’ਤੇ ਆਈ ਜਾਅਲੀ ਵਾਇਰਸ ਚੇਤਾਵਨੀ ਦਾ ਫਾਇਦਾ ਚੁੱਕਦਿਆਂ ਰਿਮੋਟ ਐਕਸੈੱਸ ਸਾਫਟਵੇਅਰ ਰਾਹੀਂ ਕੰਪਿਊਟਰ ਤੱਕ ਪਹੁੰਚ ਬਣਾਈ। ਰਿਪੋਰਟ ਮੁਤਾਬਕ ਏ.ਐੱਨ.ਜ਼ੈੱਡ ਵੱਲੋਂ ਬੈਂਡਿਗੋ ਬੈਂਕ ਨੂੰ ਰਾਤ ਕਰੀਬ 3 ਵਜੇ ਧੋਖਾਧੜੀ ਸਬੰਧੀ ਚੇਤਾਵਨੀ ਵੀ ਦਿੱਤੀ ਗਈ ਸੀ, ਪਰ ਉਦੋਂ ਤੱਕ ਵੱਡੀ ਰਕਮ ਟਰਾਂਸਫਰ ਹੋ ਚੁੱਕੀ ਸੀ। ਬੈਂਕ ਸਿਰਫ਼ ਗਿਆਰਾਂ ਡਾਲਰ ਵੀਹ ਸੈਂਟ ਵਾਪਸ ਹਾਸਲ ਕਰ ਸਕਿਆ। ਇੱਕ ਹੋਰ ਬਜ਼ੁਰਗ ਜੋੜੇ ਨੂੰ ਵੀ ਇਸੇ ਤਰ੍ਹਾਂ ਦੀ ਠੱਗੀ ਵਿੱਚ ਕਰੀਬ ਦੋ ਲੱਖ ਤੀਹ ਹਜ਼ਾਰ ਡਾਲਰ ਦਾ ਨੁਕਸਾਨ ਹੋਇਆ। ਦੋਵੇਂ ਮਾਮਲੇ ਆਸਟ੍ਰੇਲੀਅਨ ਫਾਈਨੈਂਸ਼ੀਅਲ ਕੰਪਲੇਂਟਸ ਅਥਾਰਟੀ ਤੱਕ ਪਹੁੰਚੇ, ਜਿਸ ਨੇ ਲੈਣ-ਦੇਣ ਨੂੰ ਅਣਅਧਿਕਾਰਤ ਮੰਨਿਆ, ਪਰ ਈ-ਪੇਮੈਂਟ ਪਾਸਕੋਡ ਕੰਪਿਊਟਰ ‘ਤੇ ਦਰਜ ਹੋਣ ਦੇ ਤਹਿਤ ਠੱਗਾਂ ਦੇ ਹੱਥ ਲੱਗ ਗਿਆ। ਸੁਰੱਖਿਆ ਸ਼ਰਤਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਫੈਸਲਾ ਬੈਂਕ ਦੇ ਹੱਕ ਵਿੱਚ ਦਿੱਤਾ ਗਿਆ। ਇਸ ਦੌਰਾਨ ਆਸਟ੍ਰੇਲੀਅਨ ਪ੍ਰੂਡੈਂਸ਼ਲ ਰੈਗੂਲੇਸ਼ਨ ਅਥਾਰਟੀ ਵੱਲੋਂ ਬੈਂਡਿਗੋ ਬੈਂਕ ਦੇ ਸਾਈਬਰ ਜੋਖ਼ਮ ਪ੍ਰਬੰਧਨ ਵਿੱਚ ਕਮਜ਼ੋਰੀਆਂ ਨੂੰ ਲੈ ਕੇ ਕੀਤੀ ਗਈ ਰੈਗੂਲੇਟਰੀ ਕਾਰਵਾਈ ਵੀ ਚਰਚਾ ਵਿੱਚ ਆਈ ਹੈ। ਰਿਪੋਰਟ ਅਨੁਸਾਰ 2023 ਵਿੱਚ ਸਾਈਬਰ ਠੱਗਾਂ ਤੋਂ 87 ਗਾਹਕ ਪ੍ਰਭਾਵਿਤ ਹੋਏ ਅਤੇ ਕਰੀਬ ਜਿਨ੍ਹਾਂ ਵਿੱਚੋਂ ਚਾਰ ਲੱਖ ਨੰਬੇ ਹਜ਼ਾਰ ਡਾਲਰ ਦੀ ਧੋਖਾਧੜੀ ਹੋਣ ਕਾਰਨ ਪ੍ਰਭਾਵਿਤ ਹੋਏ ਸਨ। ਬੈਂਡਿਗੋ ਬੈਂਕ ਨੇ ਕਿਹਾ ਹੈ ਕਿ ਸਾਈਬਰ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਧੋਖਾਧੜੀ ਰੋਕਣ ਲਈ ਕਈ ਸੁਰੱਖਿਆ ਪ੍ਰਣਾਲੀਆਂ ਲਾਗੂ ਹਨ। ਬੈਂਕ ਨੇ ਗਾਹਕਾਂ ਨੂੰ ਪਾਸਵਰਡ ਸਾਂਝੇ ਨਾ ਕਰਨ ਅਤੇ ਅਣਜਾਣ ਵਿਅਕਤੀਆਂ ਨੂੰ ਕੰਪਿਊਟਰ ਦੀ ਰਿਮੋਟ ਪਹੁੰਚ ਨਾ ਦੇਣ ਦੀ ਅਪੀਲ ਕੀਤੀ ਹੈ। ਸਾਈਬਰ ਠੱਗੀ ਦਾ ਇੱਕ ਹੋਰ ਖ਼ਤਰਨਾਕ ਰੂਪ ‘ਡਿਜੀਟਲ ਅਰੈਸਟ’ ਹੈ। ਠੱਗ ਪੁਲਸ, ਅਦਾਲਤ, ਇਮੀਗ੍ਰੇਸ਼ਨ, ਬੈਂਕ ਜਾਂ ਸਰਕਾਰੀ ਅਧਿਕਾਰੀ ਬਣ ਕੇ ਵੀਡੀਓ ਕਾਲ ਕਰਦੇ ਹਨ ਅਤੇ ਪੀੜਤ ਨੂੰ ਉਸ ਦੇ ਨਾਮ ’ਤੇ ਅਪਰਾਧ, ਮਨੀ ਲਾਂਡਰਿੰਗ ਜਾਂ ਗੈਰ-ਕਾਨੂੰਨੀ ਲੈਣ-ਦੇਣ ਹੋਣ ਦਾ ਡਰ ਦਿਖਾਉਂਦੇ ਹਨ। ਇਸ ਤੋਂ ਬਾਅਦ ਪੀੜਤ ਨੂੰ ਘਰ ਵਿੱਚ ਰਹਿਣ, ਕਿਸੇ ਨਾਲ ਸੰਪਰਕ ਨਾ ਕਰਨ ਜਾਂ ਪੈਸੇ ਕਿਸੇ ਖਾਤੇ ਵਿੱਚ ਟਰਾਂਸਫਰ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਅਸਲ ਸਰਕਾਰੀ ਏਜੰਸੀਆਂ ਫੋਨ ਜਾਂ ਵੀਡੀਓ ਕਾਲ ਰਾਹੀਂ ਕਿਸੇ ਵਿਅਕਤੀ ਨੂੰ ‘ਡਿਜੀਟਲ ਅਰੈਸਟ’ ਨਹੀਂ ਕਰਦੀਆਂ। ਬਚਾਅ ਲਈ ਅਣਜਾਣ ਕਾਲਰ ਨੂੰ ਪੈਸੇ ਜਾਂ ਬੈਂਕ ਵੇਰਵੇ ਨਾ ਦਿਓ। ਕਿਸੇ ਨਾਲ ਵੀ ਗੁਪਤ ਓ. ਟੀ. ਪੀ ਕੋਡ, ਪਿੰਨ ਨੰਬਰ, ਪਾਸਵਰਡ ਜਾਂ ਬੈਂਕਿੰਗ ਵੇਰਵੇ ਸਾਂਝੇ ਨਾ ਕਰੋ ਅਤੇ ਸ਼ੱਕੀ ਐੱਸ. ਐਮ. ਐੱਸ ਜਾਂ ਈਮੇਲ ਲਿੰਕਾਂ ’ਤੇ ਕਲਿੱਕ ਨਾ ਕਰੋ ਅਤੇ ਧਮਕੀ ਦੇ ਕੇ ਤੁਰੰਤ ਪੈਸੇ ਮੰਗਣ ਵਾਲੀ ਕਾਲ ਨੂੰ ਠੱਗੀ ਸਮਝੋ। ਕਾਲ ਕੱਟ ਕੇ ਪੁਲਸ, ਬੈਂਕ ਜਾਂ ਸਰਕਾਰੀ ਵਿਭਾਗ ਨਾਲ ਉਨ੍ਹਾਂ ਦੇ ਅਧਿਕਾਰਤ ਨੰਬਰ ’ਤੇ ਖੁਦ ਸੰਪਰਕ ਕਰੋ। ਸ਼ੱਕੀ ਲੈਣ-ਦੇਣ ਹੋਣ ’ਤੇ ਤੁਰੰਤ ਆਪਣੇ ਬੈਂਕ ਨੂੰ ਸੂਚਿਤ ਕਰੋ।

