Mohanjit Singh’s health deteriorated! Shifted from Sangrur to Rajindra Civil Hospital in Patiala
ਮੋਹਨਜੀਤ ਸਿੰਘ ਦੀ ਵਿਗੜੀ ਸਿਹਤ ! ਸੰਗਰੂਰ ਤੋਂ ਪਟਿਆਲਾ ਦੇ ਰਾਜਿੰਦਰਾ ਸਿਵਲ ਹਸਪਤਾਲ ਕੀਤਾ ਗਿਆ ਸਿਫ਼ਟ
ਸੁਨਾਮ (ਆਵਾਜ਼ਿ ਕੌਮ ਬਿਊਰੋ)-ਸੁਨਾਮ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸ਼ੇਰੋਂ ‘ਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਦੀ ਸਿਹਤ ਅਚਾਨਕ ਵਿਗੜਨ ਦੀ ਖ਼ਬਰ ਹੈ, ਜਿਸ ਦੇ ਚਲਦੇ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਸਿਫ਼ਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਮੋਹਨਜੀਤ ਸਿੰਘ ਨੂੰ ਪਟਿਆਲਾ ਰੈਫਰ ਕਰਨ ਸਮੇਂ ਪੁਲਿਸ ਨੇ ਰਾਜਿੰਦਰਾ ਹਸਪਤਾਲ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤੀ ਹੈ। ਹਸਪਤਾਲ ਦੇ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਭਾਜਪਾ ਆਗੂ ਦਮਨ ਬਾਜਵਾ ਨੇ ਵੀ ਇਸ ਮੌਕੇ ਪਟਿਆਲਾ ਪੁਲਿਸ ‘ਤੇ ਮੋਹਨਜੀਤ ਸਿੰਘ ਨੂੰ ਹਸਪਤਾਲ ‘ਚ ਨਾ ਮਿਲਣ ਦੇਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸੰਗਰੂਰ ਤੋਂ ਮੋਹਨਜੀਤ ਨਾਲ ਆਏ ਹਾਂ, ਪਰ ਸਾਨੂੰ ਪੁਲਿਸ ਨੇ ਹਸਪਤਾਲ ਦੇ ਅੰਦਰ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਦੀ ਸਿਹਤ ਇਸ ਸਮੇਂ ਬਹੁਤ ਖ਼ਰਾਬ ਹੈ। ਡਾ. ਕਰਮਜੋਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਨਜੀਤ ਸਿੰਘ ਸ਼ੇਰੋਂ ਨੂੰ ਰੈਫਰ ਕਰਕੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਸਿਟੀ ਸਕੈਨ ਸਮੇਤ ਹੋਰ ਜ਼ਰੂਰੀ ਟੈਸਟ ਅਤੇ ਜਾਂਚਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਮੋਹਨਜੀਤ ਸਿੰਘ ਬੇਹੋਸ਼ ਹਨ ਅਤੇ ਉਨ੍ਹਾਂ ਦੀ ਹਾਲਤ ‘ਤੇ ਡਾਕਟਰਾਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਡਾ. ਕਰਮਜੋਤ ਸਿੰਘ ਸੰਧੂ ਨੇ ਕਿਹਾ ਕਿ ਮਰੀਜ਼ ਦੇ ਇਲਾਜ ਲਈ ਡਾਕਟਰਾਂ ਦਾ ਪੂਰਾ ਪੈਨਲ ਮੌਜੂਦ ਹੈ ਅਤੇ ਮੌਕੇ ‘ਤੇ ਮਰੀਜ਼ ਨੂੰ ਜਿਸ ਵੀ ਤਰ੍ਹਾਂ ਦੇ ਇਲਾਜ ਦੀ ਲੋੜ ਹੋਵੇਗੀ, ਉਹ ਰਾਜਿੰਦਰਾ ਹਸਪਤਾਲ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।

