5-storey buildings to be sealed! CM Rekha Gupta takes action after the accident
5 ਮੰਜ਼ਿਲਾਂ ਬਿਲਡਿੰਗਾਂ ਹੋਣਗੀਆਂ ਸੀਲ ! ਹਾਦਸੇ ਮਗਰੋਂ CM ਰੇਖਾ ਗੁਪਤਾ ਨੇ ਕੀਤੀ ਕਾਰਵਾਈ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਰਾਸ਼ਟਰੀ ਰਾਜਧਾਨੀ ਦੇ ਸਤਿਆ ਨਿਕੇਤਨ ‘ਚ ਬਹੁ ਮੰਜ਼ਿਲਾ ਇਮਰਾਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਸਵੇਰੇ ਹਾਦਸੇ ਵਾਲੀ ਜਗ੍ਹਾ ਦਾ ਮੁੜ ਦੌਰਾ ਕੀਤਾ। ਰੇਖਾ ਗੁਪਤਾ ਨੇ ਸੁਰੱਖਿਆ ਵਿਵਸਥਾ ਅਤੇ ਬਚਾਅ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਦਿੱਲੀ ‘ਚ 5 ਮੰਜ਼ਿਲ ਵਾਲੇ ਭਵਨਾਂ ਨੂੰ ਤੁਰੰਤ ਸੀਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹਨ। ਰੇਖਾ ਗੁਪਤਾ ਨੇ ਐਤਵਾਰ ਨੂੰ ਵੀ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨਾਲ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਦਿੱਲੀ ਸਰਕਾਰ ਨੇ ਐਤਵਾਰ ਨੂੰ ਇਮਾਰਤ ਢਹਿਣ ਦੀ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਸਨ। ਅਧਿਕਾਰਤ ਬਿਆਨ ਅਨੁਸਾਰ, ਮੁੱਖ ਮੰਤਰੀ ਨੇ ਘਟਨਾ ਦੇ ਸੰਬੰਧ ‘ਚ ਭਵਨ ਮਾਲਕ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਅਤੇ ਜਾਂਚ ‘ਚ ਘਟਨਾ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਰੇਖਾ ਗੁਪਤਾ ਨੇ ਨੇੜੇ-ਤੇੜੇ ਦੇ ਪੇਇੰਗ ਗੈਸਟ (ਪੀਜੀ) ਰਿਹਾਇਸ਼ਾਂ ਅਤੇ ਭਵਨਾਂ ਦੀ ਵੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਦੌਰਾਨ ਜਿਹੜੇ ਭਵਨਾਂ ‘ਚ ਨਿਯਮਾਂ ਦੀ ਉਲੰਘਣਾ ਪਾਈ ਜਾਵੇਗੀ, ਉਨ੍ਹਾਂ ਨੂੰ ਸੀਲ ਕੀਤਾ ਜਾਵੇਗਾ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਅਨੁਸਾਰ, ਗੁਪਤਾ ਨੇ ਦਿੱਲੀ ‘ਚ 5 ਮੰਜ਼ਿਲਾਂ ਭਵਨਾਂ ਨੂੰ ਤੁਰੰਤ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਦਿੱਲੀ ਵਾਸੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ‘ਚ ਲਾਪਰਵਾਹੀ ਵਰਤਣ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਜ਼ਖਮੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਮੁੱਖ ਮੰਤਰੀ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਦਾ ਆਪਣਾ ਸੰਕਲਪ ਪ੍ਰਗਟ ਕੀਤਾ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਸਰਕਾਰ ਜ਼ਖਮੀ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

