Suspicious drone spotted at Amritsar airport, 7 flights diverted
ਅੰਮ੍ਰਿਤਸਰ ਏਅਰਪੋਰਟ ’ਤੇ ਦੇਖੇ ਗਏ ਸ਼ੱਕੀ ਡਰੋਨ, 7 ਉਡਾਣਾਂ ਡਾਇਵਰਟ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਨੇੜੇ ਬੀਤੀ ਰਾਤ ਲਗਭਗ 10 ਵਜੇ ਕਰੀਬ 4 ਸ਼ੱਕੀ ਡਰੋਨ ਦੇਖੇ ਜਾਣ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ‘ਚ ਹੜਕੰਪ ਮਚ ਗਿਆ। ਸ਼ੱਕੀ ਗਤੀਵਿਧੀ ਦੀ ਜਾਣਕਾਰੀ ਮਿਲਦੇ ਹੀ ਏਅਰ ਟ੍ਰੈਫਿਕ ਕੰਟਰੋਲ (ATC) ਨੇ ਤੁਰੰਤ ਅਲਰਟ ਜਾਰੀ ਕਰਦਿਆਂ ਸੁਰੱਖਿਆ ਇੰਤਜ਼ਾਮਾਂ ਨੂੰ ਹਾਈ ਅਲਰਟ ‘ਤੇ ਕਰ ਦਿੱਤਾ। ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੌਰਾਨ 7 ਅੰਤਰਰਾਸ਼ਟਰੀ ਉਡਾਣਾਂ ਦੇ ਰੂਟ ਵਿਚ ਬਦਲਾਅ (ਡਾਇਵਰਟ) ਕਰਨਾ ਪਿਆ ਅਤੇ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਕੁਆਲਾਲੰਪੁਰ ਤੋਂ ਅੰਮ੍ਰਿਤਸਰ ਆ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ MH-118 ਨੂੰ ਦਿੱਲੀ ਡਾਇਵਰਟ ਕੀਤਾ ਗਿਆ।
ਸ਼ਾਰਜਾਹ ਤੋਂ ਅੰਮ੍ਰਿਤਸਰ ਆ ਰਹੀ ਇੰਡੀਗੋ ਦੀ ਉਡਾਣ 6E-1428 ਅਤੇ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX-138 ਨੂੰ ਵੀ ਦਿੱਲੀ ਡਾਇਵਰਟ ਕੀਤਾ ਗਿਆ।
ਚੰਡੀਗੜ੍ਹ ਡਾਇਵਰਟ ਕੀਤੀਆਂ ਗਈਆਂ ਫਲਾਈਟਾਂ
ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਇੰਡੀਗੋ ਦੀ ਉਡਾਣ 6E-5028 ਨੂੰ ਚੰਡੀਗੜ੍ਹ ਭੇਜਿਆ ਗਿਆ।
ਦਿੱਲੀ ਤੋਂ ਆਉਣ ਵਾਲੀ ਇੰਡੀਗੋ ਦੀ ਉਡਾਣ 6E-2045 ਨੂੰ ਚੰਡੀਗੜ੍ਹ ਭੇਜਿਆ ਗਿਆ।
ਵਾਪਸ ਦਿੱਲੀ ਭੇਜੀਆਂ ਗਈਆਂ ਫਲਾਈਟਾਂ
ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ AI-855 ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ।
ਘਟਨਾ ਤੋਂ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਪੰਜਾਬ ਪੁਲਸ ਅਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਡਰੋਨ ਕਿਸ ਮਕਸਦ ਨਾਲ ਉਡਾਏ ਗਏ ਸਨ ਅਤੇ ਇਨ੍ਹਾਂ ਨੂੰ ਕੌਣ ਚਲਾ ਰਿਹਾ ਸੀ। ਸਰਹੱਦੀ ਖੇਤਰ ਦੇ ਐਨੇ ਅਹਿਮ ਹਵਾਈ ਅੱਡੇ ‘ਤੇ ਹੋਈ ਇਸ ਸੁਰੱਖਿਆ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਜੰਸੀਆਂ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

